'ਕਲੀਆਂ ਦੇ ਬਾਦਸ਼ਾਹ' ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਨਾਲ ਖਾਸ ਗੱਲਬਾਤ (etv bharat) ਚੰਡੀਗੜ੍ਹ: 'ਕਲੀਆਂ ਦੇ ਬਾਦਸ਼ਾਹ' ਮੰਨੇ ਜਾਂਦੇ ਰਹੇ ਮਰਹੂਮ ਅਜ਼ੀਮ ਗਾਇਕ ਕੁਲਦੀਪ ਮਾਣਕ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ, ਉਨ੍ਹਾਂ ਦੇ ਪ੍ਰਤਿਭਾਸ਼ਾਲੀ ਦੋਹਤੇ ਹਸਨ ਮਾਣਕ, ਜੋ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਸੰਗੀਤ ਜਗਤ ਵਿੱਚ ਨਵੇਂ ਦਿਸਹਿੱਦੇ ਸਿਰਜਣ ਵਿੱਚ ਸਫ਼ਲ ਰਹੇ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸ਼ਰੀਕ 2' ਵਿੱਚ ਅਦਾਕਾਰ ਦੇਵ ਖਰੌੜ ਉਪਰ ਫਿਲਮਾਏ ਗਾਏ ਆਪਣੇ ਖੂਬਸੂਰਤ ਗੀਤ ਰੰਜਸ਼ਾਂ ਨਾਲ ਵੀ ਖਾਸੀ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਇਹ ਬਿਹਤਰੀਨ ਗਾਇਕ।
ਹਾਲ ਹੀ ਵਿੱਚ ਪ੍ਰਮੋਟਰਜ਼ ਨਾਲ ਸਾਹਮਣੇ ਆਏ ਅਪਣੇ ਕੁਝ ਵਿਵਾਦਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ ਦਾ ਕੇਂਦਰ ਬਿੰਦੂ ਬਣਦੇ ਆ ਰਹੇ ਇਸ ਹੋਣਹਾਰ ਗਾਇਕ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਇਸ ਉਮਦਾ ਗਾਇਕ ਨੇ ਕਿਹਾ ਕਿ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਆਇਆ ਬੁਰਾ ਦੌਰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੋੜ ਦਿੰਦਾ ਹੈ, ਪਰ ਸਿਆਣੇ ਆਖਦੇ ਨੇ ਜਿਹੜਾ ਹਿੰਮਤੀ ਬੰਦਾ ਇੰਨਾ ਉਲਝਨਾਂ ਨੂੰ ਢਾਹ ਲਾ ਗਿਆ, ਫਿਰ ਉਸ ਨੂੰ ਫਿਰ ਕੋਈ ਵੀ ਲੱਖ ਜ਼ੋਰ ਲਗਾ ਕੇ ਵੀ ਹਰਾ ਨਹੀਂ ਸਕਦਾ।
ਪੰਜਾਬੀ ਗਾਇਕੀ ਦੇ ਬਾਬਾ ਬੋਹੜ ਰਹੇ ਮਰਹੂਮ ਕੁਲਦੀਪ ਮਾਣਕ ਦੀ ਮਾਣਮੱਤੀ ਪਹਿਚਾਣ ਅਤੇ ਉੱਚੇ ਰਹੇ ਗਾਇਕੀ ਵਜ਼ੂਦ ਦਾ ਕਿੰਨਾ ਕੁ ਫਾਇਦਾ ਜਾਂ ਨੁਕਸਾਨ ਹਸਨ ਮਾਣਕ ਦੇ ਹਿੱਸੇ ਆਇਆ, ਪੁੱਛੇ ਇਸ ਸਵਾਲ ਦਾ ਜਵਾਬ ਦਿੰਦਿਆਂ ਇਸ ਬਾਕਮਾਲ ਗਾਇਕ ਨੇ ਕਿਹਾ ਕਿ ਨਾਨਾ ਜੀ ਲੀਜੈਂਡ ਗਾਇਕ ਰਹੇ, ਜਿੰਨ੍ਹਾਂ ਦੇ ਨਾਲ ਸੰਬੰਧਤ ਹੋਣ ਕਾਰਨ ਬਚਪਨ ਪੜਾਅ ਤੋਂ ਹਰ ਜਗ੍ਹਾਂ ਬੇਹੱਦ ਸਤਿਕਾਰ ਮਿਲਦਾ ਰਿਹਾ, ਪਰ ਸਹੀ ਮਾਇਨੇ ਵਿੱਚ ਗਾਇਕੀ ਫੀਲਡ ਵਿੱਚ ਪਹਿਚਾਣ ਤਾਂ ਆਪਣੀ ਦਮ 'ਤੇ ਹੀ ਹਾਸਲ ਹੁੰਦੀ ਹੈ, ਹਾਂ...ਇਨ੍ਹਾਂ ਜ਼ਰੂਰ ਹੁੰਦਾ ਕਿ ਸ਼ੁਰੂਆਤੀ ਕਰੀਅਰ ਫੇਜ਼ ਵਿੱਚ ਟਰੈਕ 'ਤੇ ਚੜਨਾ ਅਸਾਨ ਹੋ ਜਾਂਦਾ ਹੈ, ਜੇਕਰ ਤੁਹਾਡੇ ਅਪਣੇ ਵਿੱਚ ਦਮ ਹੋਵੇਗਾ।
ਉਹਨਾਂ ਅੱਗੇ ਕਿਹਾ, 'ਦੂਜੇ ਪਾਸੇ ਉਨ੍ਹਾਂ ਦੇ ਕਰੀਅਰ ਨਾਲ ਜੁੜਿਆ ਇੱਕ ਤੱਥ ਵੀ ਸਾਂਝਾ ਕਰਨਾ ਚਹਾਗਾਂ, ਜਿੰਨਾਂ ਨੂੰ ਮੈਂ ਪਿਆਰ-ਸਨੇਹ ਅਤੇ ਸਤਿਕਾਰ ਨਾਲ ਪਾਪਾ ਜੀ ਆਖ ਕੇ ਸੰਬੋਧਨ ਕਰਦਾ ਸਾਂ, ਉਹ ਸਿਫਾਰਸ਼ੀ ਸਿਸਟਮ ਦੇ ਅਤਿ ਖਿਲਾਫ ਰਹੇ, ਜਿੰਨ੍ਹਾਂ ਮੈਨੂੰ ਹੀ ਨਹੀਂ ਸਗੋਂ ਅਪਣੇ ਬੇਟੇ ਅਤੇ ਮੇਰੇ ਮਾਮਾ ਜੀ ਯੁੱਧਵੀਰ ਮਾਣਕ ਨੂੰ ਵੀ ਹਮੇਸ਼ਾ ਅਪਣੀ ਮਿਹਨਤ ਦੇ ਬਲਬੂਤੇ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ, ਜਿੰਨ੍ਹਾਂ ਦੇ ਦਿਖਾਏ ਮਾਰਗ ਦਰਸ਼ਨ ਸਦਕਾ ਹੀ ਜੀਵਨ ਅਤੇ ਕਰੀਅਰ ਉਤੇ ਮਜ਼ਬੂਤ ਹੋ ਕੇ ਚੱਲਣ ਦਾ ਬਲ ਮਿਲਿਆ ਹੈ।
ਪੰਜਾਬ ਤੋਂ ਲੈ ਕੇ ਕੈਨੇਡਾ ਅਤੇ ਹੋਰ ਕਈ ਮੁਲਕਾਂ ਵਿੱਚ ਆਪਣੀ ਸ਼ਾਨਦਾਰ ਗਾਇਨ ਕਲਾ ਦਾ ਮੁਜ਼ਾਹਰਾ ਕਰ ਚੁੱਕੇ ਹਸਨ ਮਾਣਕ ਦੇ ਹੁਣ ਤੱਕ ਗਾਏ ਕਈ ਗੀਤ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਜਿੰਨ੍ਹਾਂ ਵਿੱਚ 'ਰਾਣੋ', 'ਬੇਗਾਨੇ ਪੁੱਤ', 'ਬਣਾਉਟੀ ਯਾਰ', 'ਜਾ ਨੀ' ਆਦਿ ਸ਼ੁਮਾਰ ਰਹੇ ਹਨ।