ਚੰਡੀਗੜ੍ਹ: ਸੋਸ਼ਲ ਮੀਡੀਆ ਇਸ ਸਮੇਂ ਸਿਤਾਰਿਆਂ ਤੋਂ ਲੈ ਕੇ ਆਮ ਇਨਸਾਨਾਂ ਤੱਕ ਹਰ ਕਿਸੇ ਦੀ ਜ਼ਿੰਦਗੀ ਦਾ ਮੁੱਖ ਹਿੱਸਾ ਬਣ ਗਿਆ ਹੈ, ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਉਤੇ ਲੋਕ ਰਾਤੋਂ-ਰਾਤ ਮਸ਼ਹੂਰ ਹੋ ਜਾਂਦੇ ਹਨ, ਪਰ ਇੱਥੇ ਧਿਆਨਦੇਣਯੋਗ ਗੱਲ ਇਹ ਵੀ ਹੈ ਕਿ ਜਿੰਨਾ ਉਹ ਮਸ਼ਹੂਰ ਹੁੰਦੇ ਹਨ, ਉੱਥੇ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਅਪਮਾਨਜਨਕ ਸ਼ਬਦਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਖ਼ਤ ਟ੍ਰੋਲਿੰਗ ਵੀ ਸਹਿਣੀ ਪੈਂਦੀ ਹੈ।
ਹੁਣ ਇੱਥੇ ਅਸੀਂ ਪੰਜਾਬ ਦੇ ਕੁੱਝ ਅਜਿਹੇ ਹੀ ਸੋਸ਼ਲ ਮੀਡੀਆ ਸਟਾਰ ਲੈ ਕੇ ਆਏ ਹਾਂ, ਜਿੰਨ੍ਹਾਂ ਨੂੰ ਪਹਿਲਾਂ ਲੋਕਾਂ ਨੇ ਕਾਫੀ ਬੇਇੱਜ਼ਤ ਕੀਤਾ ਅਤੇ ਪਰ ਹੁਣ ਉਹ ਲੱਖਾਂ ਪੈਸਾ ਕਮਾ ਰਹੇ ਹਨ।
ਚੁੰਮੇ ਵਾਲੀ ਭਾਬੀ
ਜੇਕਰ ਤੁਸੀਂ ਪੰਜਾਬੀ ਹੋ ਤਾਂ ਯਕੀਨਨ ਤੁਸੀਂ 'ਚੁੰਮੇ ਵਾਲੀ ਭਾਬੀ' ਨੂੰ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਜ਼ਰੂਰ ਦੇਖਿਆ ਹੋਵੇਗਾ, ਲੌਕਡਾਊਨ ਵਿੱਚ ਮਸ਼ਹੂਰ ਹੋਈ 'ਚੁੰਮੇ ਵਾਲੀ ਭਾਬੀ' ਦਾ ਅਸਲੀ ਨਾਂਅ ਰਣਜੀਤ ਕੌਰ ਹੈ, ਜੋ ਆਪਣੇ ਪਤੀ ਅਤੇ ਬੇਟੀ ਨਾਲ ਆਏ ਦਿਨ ਵੀਡੀਓਜ਼ ਨਾਲ ਲੋਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
ਉਲੇਖਯੋਗ ਹੈ ਕਿ ਸ਼ੁਰੂ ਵਿੱਚ 'ਚੁੰਮੇ ਵਾਲੀ ਭਾਬੀ' ਨੂੰ ਕਈ ਤਰ੍ਹਾਂ ਦੀਆਂ ਧਮਕੀਆਂ, ਵਿਵਾਦਾਂ ਅਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ, ਪਰ ਉਹ ਅਤੇ ਉਸਦੇ ਪਤੀ ਨੇ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਵੀਡੀਓਜ਼ ਬਣਾਉਣਾ ਜਾਰੀ ਰੱਖਿਆ। ਹਾਲ ਹੀ ਵਿੱਚ 'ਚੁੰਮੇ ਵਾਲੀ ਭਾਬੀ' ਨੂੰ ਦਿਲਜੀਤ ਦੁਸਾਂਝ ਦੀ ਫਿਲਮ 'ਜੱਟ ਐਂਡ ਜੂਲੀਅਟ 3' ਵਿੱਚ ਦੇਖਿਆ ਗਿਆ।
ਸੋਨੂੰ ਸੀਤੋ ਵਾਲਾ
'ਸੋਨੂੰ ਸੀਤੋ ਵਾਲਾ' ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਇਸ ਤਰ੍ਹਾਂ ਮਸ਼ਹੂਰ ਹੋ ਜਾਵੇਗਾ। 'ਸੋਨੂੰ ਸੀਤੋ ਵਾਲਾ' ਇਸ ਸਮੇਂ ਇੰਸਟਾਗ੍ਰਾਮ ਉਤੇ ਕਾਫੀ ਵਾਇਰਲ ਹੋ ਰਿਹਾ ਹੈ। ਆਪਣੇ ਅੰਦਾਜ਼ ਨਾਲ ਸਭ ਨੂੰ ਹਸਾਉਣ ਵਾਲੇ ਸੋਨੂੰ ਨੂੰ ਸ਼ੁਰੂ ਵਿੱਚ ਕਾਫੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹੁਣ ਸੋਨੂੰ ਲੱਖਾਂ ਰੁਪਏ ਵਿੱਚ ਖੇਡਦਾ ਹੈ।
ਮੈਡ ਸੰਧੂ
ਹਾਲ ਹੀ ਵਿੱਚ ਜਗਜੀਤ ਸੰਧੂ ਦੀ ਫਿਲਮ 'ਓਏ ਭੋਲੇ ਓਏ' ਵਿੱਚ ਨਜ਼ਰ ਆਏ ਸੋਸ਼ਲ ਮੀਡੀਆ ਸਟਾਰ 'ਮੈਡ ਸੰਧੂ' ਵੀ ਇਸ ਲਿਸਟ ਵਿੱਚ ਸ਼ਾਮਲ ਹੈ। 'ਮੈਡ ਸੰਧੂ' ਦਾ ਅਸਲੀ ਨਾਂਅ ਮਧੁ ਸੂਦਨ ਸੰਧੂ ਹੈ, ਅੰਮ੍ਰਿਤਸਰ ਦੇ ਰਹਿਣ ਵਾਲੇ 'ਮੈਡ ਸੰਧੂ' ਫੈਸ਼ਨ ਡਿਜ਼ਾਇਨਰ ਵੀ ਹਨ। 'ਮੈਡ ਸੰਧੂ' ਨੂੰ ਅੱਜ ਤੱਕ ਵੀ ਇੰਸਟਾਗ੍ਰਾਮ ਉਤੇ ਲੋਕਾਂ ਦੀ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਚੀਜ਼ ਜੋ ਸਭ ਨੂੰ ਖਿੱਚਦੀ ਹੈ, ਉਹ ਹੈ 'ਮੈਡ ਸੰਧੂ' ਦਾ ਪਹਿਰਾਵਾ। ਮੈਡ ਸੰਧੂ ਨੂੰ ਇੰਸਟਾਗ੍ਰਾਮ ਉਤੇ ਇਸ ਸਮੇਂ 215 ਹਜ਼ਾਰ ਲੋਕ ਪਸੰਦ ਕਰਦੇ ਹਨ।
ਰਾਜੂ ਦੀਦੀ
ਸੋਸ਼ਲ ਮੀਡੀਆ ਉਤੇ ਪਰਨਾਜ਼ ਰੰਧਾਵਾ ਆਪਣੀਆਂ ਵੀਡੀਓਜ਼ ਲਈ ਜਾਣਿਆ ਜਾਂਦਾ ਹੈ, ਪਰ ਉਸ ਤੋਂ ਵੀ ਜਿਆਦਾ ਲੋਕ ਪਰਨਾਜ਼ ਰੰਧਾਵਾ ਨਾਲ ਨਜ਼ਰ ਆਉਣ ਵਾਲੀ 'ਰਾਜੂ ਦੀਦੀ' ਨੂੰ ਜਾਣਦੇ ਹਨ। ਸ਼ੁਰੂ ਵਿੱਚ ਪਰਨਾਜ਼ ਰੰਧਾਵਾ ਨੇ ਜਦੋਂ 'ਰਾਜੂ ਦੀਦੀ' ਨਾਲ ਵੀਡੀਓ ਸਾਂਝੀ ਕੀਤੀ ਤਾਂ ਲੋਕਾਂ ਨੇ ਕਮੈਂਟ ਬਾਕਸ ਵਿੱਚ ਕਈ ਤਰ੍ਹਾਂ ਦੇ ਕਮੈਂਟ ਕੀਤੇ, ਕੋਈ ਸਮਝਣ ਲੱਗਿਆ ਕਿ ਇਹ ਦੋਵੇਂ ਰਿਸ਼ਤੇ ਵਿੱਚ ਹਨ, ਕੋਈ ਰਾਜੂ ਨੂੰ ਪਰਨਾਜ਼ ਰੰਧਾਵਾ ਦੀ ਭੈਣ ਕਹਿਣ ਲੱਗਿਆ।
ਰਾਜੂ ਦੀਦੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸੋਸ਼ਲ ਮੀਡੀਆ ਉਤੇ ਉਸ ਦੀ ਇਸ ਤਰ੍ਹਾਂ ਚੜ੍ਹਾਈ ਹੋ ਜਾਵੇਗੀ। ਦਰਅਸਲ, ਪਰਨਾਜ਼ ਰੰਧਾਵਾ ਨੇ ਦੱਸਿਆ ਸੀ ਕਿ ਰਾਜੂ ਦੀਦੀ ਦੀ ਮੰਮੀ ਉਨ੍ਹਾਂ ਦੇ ਘਰ ਕੰਮ ਕਰਦੀ ਸੀ, ਜਿਸ ਤੋਂ ਬਾਅਦ ਪਰਨਾਜ਼ ਰੰਧਾਵਾ ਅਤੇ ਰਾਜੂ ਦੀਦੀ ਨੇ ਇੱਕ ਦੂਜੇ ਨੂੰ ਭੈਣ ਭਰਾ ਮੰਨ ਲਿਆ ਅਤੇ ਵੀਡੀਓਜ਼ ਬਣਾਉਣ ਲੱਗੇ।
ਸਰਬਜੀਤ ਕੌਰ
ਸਰਬਜੀਤ ਕੌਰ ਸੋਸ਼ਲ ਮੀਡੀਆ ਉਤੇ ਸਭ ਤੋਂ ਜਿਆਦਾ ਟ੍ਰੋਲਿੰਗ ਦਾ ਸਾਹਮਣਾ ਕਰ ਚੁੱਕੀ ਹੈ, ਸਰਬਜੀਤ ਕੌਰ ਨੂੰ ਇਸ ਸਮੇਂ ਇੰਸਟਾਗ੍ਰਾਮ ਉਤੇ 179 ਹਜ਼ਾਰ ਲੋਕ ਪਸੰਦ ਕਰਦੇ ਹਨ, ਸਰਬਜੀਤ ਕੌਰ ਉਨ੍ਹਾਂ ਸੋਸ਼ਲ ਮੀਡੀਆ ਸਟਾਰਾਂ ਵਿੱਚੋਂ ਹੈ ਜਿੰਨ੍ਹਾਂ ਨੂੰ ਇੱਕਦਮ ਪ੍ਰਸਿੱਧੀ ਪ੍ਰਾਪਤ ਹੋਈ ਹੈ। ਇਸ ਸਮੇਂ ਸਰਬਜੀਤ ਕੌਰ ਆਪਣੇ ਕਈ ਗੀਤਾਂ ਕਾਰਨ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਰ ਇੱਥੇ ਧਿਆਨਦੇਣ ਯੋਗ ਗੱਲ਼ ਇਹ ਵੀ ਹੈ ਕਿ ਕਾਫੀ ਟ੍ਰੋਲਿੰਗ ਦੇ ਬਾਵਜੂਦ ਵੀ ਸਰਬਜੀਤ ਕੌਰ ਇਸ ਸਮੇਂ ਚੰਗਾ ਪੈਸਾ ਕਮਾ ਰਹੀ ਹੈ।
ਇਹ ਵੀ ਪੜ੍ਹੋ: