ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਨਿਵੇਕਲੇ ਅਯਾਮ ਸਿਰਜਣ ਵਿੱਚ ਸਫ਼ਲ ਰਹੇ ਹਨ ਗਾਇਕ ਸੁਰਜੀਤ ਭੁੱਲਰ, ਜੋ ਆਪਣੀ ਨਵੀਂ ਐਲਬਮ 'ਮੁਹੱਬਤਾਂ ਦਾ ਪਿੰਡ' ਲੈ ਕੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਕੀਤਾ ਜਾਵੇਗਾ।
'ਬੁਲ 18' ਦੇ ਸੰਗੀਤਕ ਲੇਬਲ ਅਧੀਨ ਜਾਰੀ ਕੀਤੀ ਜਾ ਰਹੀ ਇਸ ਐਲਬਮ ਵਿੱਚ ਕੁੱਲ ਛੇ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿਚਲੇ ਗੀਤਾਂ ਨੂੰ ਆਵਾਜ਼ ਸੁਰਜੀਤ ਭੁੱਲਰ ਵੱਲੋਂ ਦਿੱਤੀ ਗਈ ਹੈ, ਜਦਕਿ ਇੰਨ੍ਹਾਂ ਦਾ ਸੰਗੀਤ ਜੋਆਏ ਅਤੁਲ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਨਾਲ ਪਹਿਲਾਂ ਵੀ ਗਾਇਕ ਸਰਜੀਤ ਭੁੱਲਰ ਦੀ ਸੰਗੀਤਕ ਟਿਊਨਿੰਗ ਬਹੁਤ ਹੀ ਸ਼ਾਨਦਾਰ ਰਹੀ ਹੈ।
ਉੱਚ ਪੱਧਰੀ ਸੰਗੀਤਕ ਮਾਪਦੰਢਾਂ ਅਧੀਨ ਤਿਆਰ ਕੀਤੀ ਗਈ ਉਕਤ ਐਲਬਮ ਵਿੱਚ ਸ਼ੁਮਾਰ ਕੀਤੇ ਗਏ ਗੀਤਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਰਕਾਨ', 'ਹੱਸ ਸੋਹਣਿਆ', 'ਦੂਰ', 'ਗੀਤ', 'ਮੁਹੱਬਤਾਂ ਦਾ ਪਿੰਡ' ਅਤੇ 'ਆਈਲੈਟਸ' ਸ਼ਾਮਿਲ ਹਨ, ਜਿੰਨ੍ਹਾਂ ਸੰਬੰਧੀ ਹੋਰ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਗਾਇਕ ਸੁਰਜੀਤ ਭੁੱਲਰ ਦੱਸਦੇ ਹਨ ਕਿ ਚਾਹੁੰਣ ਵਾਲਿਆਂ ਦੀ ਲਗਾਤਾਰ ਕੀਤੀ ਜਾ ਰਹੀ ਫਰਮਾਇਸ਼ ਦੇ ਚੱਲਦਿਆਂ ਉਨ੍ਹਾਂ ਵੱਲੋਂ ਇਹ ਵਿਸ਼ੇਸ਼ ਐਲਬਮ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕੀਤੀ ਜਾ ਰਹੀ ਹੈ, ਜਿਸ ਵਿੱਚ ਹਰ ਰੰਗ ਦੇ ਗੀਤ ਦਰਜ ਕੀਤੇ ਗਏ ਹਨ।