ਚੰਡੀਗੜ੍ਹ:ਪੰਜਾਬੀ ਸੰਗੀਤਕ ਸਫਾਂ ਵਿੱਚ ਚਰਚਿਤ ਨਾਂਅ ਵਜੋਂ ਆਪਣੀ ਮੌਜੂਦਗੀ ਲਗਾਤਾਰ ਦਰਜ ਕਰਵਾ ਰਿਹਾ ਹੈ ਗਾਇਕ ਸ਼ੁਭਕਰਮਨ ਸਿੰਘ, ਜੋ ਆਪਣਾ ਨਵਾਂ ਗਾਣਾ 'ਢੋਲਾ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਿਹਾ ਹੈ, ਜਿਸ ਨੂੰ 09 ਜੂਨ ਨੂੰ ਵੱਖ-ਵੱਖ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
ਸਦਾ ਬਹਾਰ ਗੀਤ ਅਤੇ ਸੰਗੀਤਕ ਸਾਂਚੇ ਅਧੀਨ ਤਿਆਰ ਕੀਤੇ ਗਏ ਇਸ ਗਾਣੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੁਰੀਲੇ ਗਾਇਕ ਸ਼ੁਭਕਰਮਨ ਸਿੰਘ ਨੇ ਦੱਸਿਆ ਕਿ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਵਿੱਚ ਪੰਜਾਬੀਅਤ ਵੰਨਗੀਆਂ ਦਾ ਵੀ ਖੁੱਲ੍ਹਦਿਲੀ ਨਾਲ ਅਤੇ ਸ਼ਾਨਦਾਰ ਰੂਪ ਵਿੱਚ ਪ੍ਰਗਟਾਵਾ ਕੀਤਾ ਗਿਆ ਹੈ, ਜੋ ਪੰਜਾਬ ਦੇ ਕਈ ਅਸਲ ਰੰਗਾਂ ਨੂੰ ਮੁੜ ਪ੍ਰਤੀਬਿੰਬ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।
ਮੂਲ ਰੂਪ ਵਿੱਚ ਦਿੱਲੀ ਵੱਸਦੇ ਇੱਕ ਰਸੂਖ਼ਦਾਰ ਪੰਜਾਬੀ ਪਰਿਵਾਰ ਨਾਲ ਤਾਲੁਕ ਰੱਖਦੇ ਹਨ ਇਹ ਬਾਕਮਾਲ ਗਾਇਕ, ਜੋ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵੱਸਦੇ ਆ ਰਹੇ ਹਨ, ਪਰ ਸੱਤ ਸੁਮੰਦਰ ਪਾਰ ਰਹਿਣ ਦੇ ਬਾਵਜੂਦ ਪੰਜਾਬ ਅਤੇ ਅਪਣੀ ਅਸਲ ਕਦਰਾਂ-ਕੀਮਤਾਂ ਨਾਲ ਪੂਰੀ ਤਰ੍ਹਾਂ ਜੁੜੇ ਰਹੇ ਹਨ, ਜਿਸ ਦਾ ਇਜ਼ਹਾਰ ਉਨ੍ਹਾਂ ਦੇ ਹੁਣ ਤੱਕ ਰਿਲੀਜ਼ ਹੋਏ ਕਈ ਮਿਆਰੀ ਗਾਣੇ ਭਲੀਭਾਂਤ ਕਰਵਾ ਚੁੱਕੇ ਹਨ, ਜਿੰਨ੍ਹਾਂ ਵਿੱਚ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਨੂੰ ਪ੍ਰਭਾਵੀ ਰੂਪ ਵਿੱਚ ਉਭਾਰਿਆ ਗਿਆ ਹੈ।
ਬਾਲੀਵੁੱਡ ਸੰਗੀਤ ਜਗਤ ਤੋਂ ਆਪਣੇ ਗਾਇਨ ਕਰੀਅਰ ਦਾ ਆਗਾਜ਼ ਕਰਨ ਵਾਲੇ ਇਹ ਹੋਣਹਾਰ ਗਾਇਕ ਕਈ ਮੰਨੇ-ਪ੍ਰਮੰਨੇ ਸੰਗੀਤਕਾਰ ਅਤੇ ਸਹਿ-ਗਾਇਕਾਵਾਂ ਨਾਲ ਸੰਗੀਤਕ ਸੰਗਤ ਕਰਨ ਦਾ ਮਾਣ ਵੀ ਆਪਣੀ ਝੋਲੀ ਪਾ ਚੁੱਕਾ, ਜਿੰਨ੍ਹਾਂ ਦੱਸਿਆ ਕਿ ਮੁੰਬਈ ਨਗਰੀ ਵਿੱਚ ਸਥਾਪਤੀ ਦੇ ਅਹਿਮ ਪੜਾਅ ਦੌਰਾਨ ਉਨ੍ਹਾਂ ਨੂੰ ਅਚਾਨਕ ਉੱਚ ਪੜ੍ਹਾਈ ਦੇ ਸਿਲਸਿਲੇ ਅਤੇ ਪਰਿਵਾਰਿਕ ਜਿੰਮੇਵਾਰੀਆਂ ਦੇ ਚੱਲਦਿਆਂ ਕੈਨੇਡਾ ਜਾਣ ਦਾ ਫੈਸਲਾ ਲਿਆ, ਜਿਸ ਨਾਲ ਉਨ੍ਹਾਂ ਦੇ ਗਾਇਨ ਕਰੀਅਰ ਨੂੰ ਸ਼ੁਰੂਆਤੀ ਪੜਾਅ ਉਤੇ ਕਾਫ਼ੀ ਢਾਹ ਲੱਗੀ, ਪਰ ਇਸ ਦੇ ਬਾਵਜੂਦ ਉਨ੍ਹਾਂ ਇਸ ਖੇਤਰ ਵਿੱਚ ਕੁਝ ਨਿਵੇਕਲਾ ਕਰ ਗੁਜ਼ਰਨ ਦੇ ਸੁਫਨਿਆਂ ਨੂੰ ਦਰਕਿਨਾਰ ਨਹੀਂ ਕੀਤਾ ਅਤੇ ਮਿਹਨਤ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ, ਜੋ ਹੁਣ ਹੌਲ਼ੀ ਹੌਲ਼ੀ ਰੰਗ ਲਿਆ ਰਹੀ ਹੈ।
ਫੋਕ ਅਤੇ ਬੀਟ ਦੋਨੋਂ ਹੀ ਗਾਇਕੀ ਵਿਧਾਵਾਂ ਵਿੱਚ ਚੋਖੀ ਹੁਨਰਮੰਦੀ ਰੱਖਦੇ ਗਾਇਕ ਸ਼ੁਭਕਰਮਨ ਸਿੰਘ ਵੱਲੋਂ ਹਾਲੀਆ ਸਮੇਂ ਦੌਰਾਨ ਸਾਹਮਣੇ ਲਿਆਂਦੇ ਗਏ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਮਿਰਜ਼ਾ', 'ਬੋਲੀਆਂ 2024', 'ਕੀ ਕਰੀਏ', 'ਲੱਗਦਾ ਕਰੂ ਕੋਈ ਕਾਰਾ' ਆਦਿ ਸ਼ੁਮਾਰ ਰਹੇ ਹਨ।