ਗੁਰਦਾਸਪੁਰ: ਪਿੰਡ ਖਾਨੋਵਾਲ ਬੋਹੜੀ ਦੇ 2 ਚਚੇਰੇ ਭਰਾ ਹਰਜੋਤ ਸਿੰਘ ਅਤੇ ਹਰਜੀਤ ਸਿੰਘ, 45-45 ਲੱਖ ਰੁਪਏ ਖਰਚ ਕਰਕੇ ਚੰਗੇ ਭਵਿੱਖ ਦੀ ਭਾਲ਼ ਵਿੱਚ ਅਮਰੀਕਾ ਪਹੁੰਚੇ ਸਨ, ਪਰ ਹੁਣ ਉਨ੍ਹਾਂ ਨੂੰ ਉੱਥੋਂ ਡਿਪੋਰਟ ਕਰ ਦਿੱਤਾ ਗਿਆ ਹੈ। ਜਿਸ ਕਾਰਨ ਉਨ੍ਹਾਂ ਦੇ ਦਿਮਾਗ ਦਾ ਸੰਤੁਲਨ ਹਿੱਲ ਗਿਆ ਹੈ।
''ਸਾਡੇ ਬੱਚਿਆਂ ਨਾਲ ਉੱਥੇ ਮਾੜਾ ਵਤੀਰਾ ਕੀਤਾ ਗਿਆ, ਹੁਣ ਵੀ ਉਨ੍ਹਾਂ ਦੇ ਹੱਥਾਂ-ਪੈਰਾਂ ਨੂੰ ਬੇੜੀਆਂ 'ਚ ਬੰਨ੍ਹ ਕੇ ਲਿਆਂਦਾ ਗਿਆ ਹੈ। ਇਹ ਕਿਹੜਾ ਕੋਈ ਕਤਲ ਕਰਕੇ ਆਏ ਸੀ ਉੱਥੋਂ।'' - ਪੀੜਤ ਪਰਿਵਾਰ
ਇਹ ਸ਼ਬਦ ਹਰਜੀਤ ਸਿੰਘ ਦੀ ਮਾਂ ਦੇ ਹਨ, ਜਿਨ੍ਹਾਂ ਨੇ ਲਗਭਗ 40 ਲੱਖ ਰੁਪਏ ਲਗਾ ਕੇ ਆਪਣਾ ਪੁੱਤ ਨੂੰ ਅਮਰੀਕਾ ਭੇਜਿਆ ਸੀ, ਪਰ ਬੀਤੀ ਰਾਤ ਉਸ ਨੂੰ ਅਮਰੀਕੀ ਫੌਜ ਦੇ ਜਹਾਜ਼ ਰਾਹੀਂ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ।
'ਸਾਨੂੰ ਬੰਦੂਕ ਦੀ ਨੋਕ 'ਤੇ ਤੋਰਦੇ ਸਨ'
ਹਰਜੀਤ ਸਿੰਘ ਨੇ ਦੱਸਿਆ ਕਿ ਅਮਰੀਕੀ ਜਹਾਜ਼ ਵਿੱਚ ਉਨ੍ਹਾਂ ਨੂੰ ਹੱਥਕੜੀਆਂ ਲਗਾ ਕੇ ਲਿਆਇਆ ਗਿਆ ਹੈ। ਅਮਰੀਕਾ ਜਾਣ ਵਾਲੇ ਰਸਤੇ ਵਿੱਚ ਉਨ੍ਹਾਂ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਗਏ , ਜਿਸ ਕਾਰਨ 2 ਭਰਾਵਾਂ ਵਿੱਚੋਂ ਇੱਕ ਹਰਜੋਤ ਸਿੰਘ ਨੂੰ ਭਾਰੀ ਸਦਮਾ ਲੱਗਿਆ ਹੈ। ਹਰਜੀਤ ਸਿੰਘ ਨੇ ਕਿਹਾ ਕਿ "ਪਨਾਮਾ ਦੇ ਜੰਗਲਾਂ ਵਿੱਚ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਅਤੇ ਡੰਕੀ ਲਗਵਾਉਣ ਵਾਲੇ ਉਨ੍ਹਾਂ ਨੂੰ ਪਿਸਤੌਲ ਦਿਖਾ ਕੇ ਧਮਕਾਉਂਦੇ ਸਨ ਕਿ ਜੇਕਰ ਉਹ ਨਹੀਂ ਤੁਰੇ ਤਾਂ ਉਨ੍ਹਾਂ ਜਾਨੋਂ ਮਾਰ ਦਿੱਤਾ ਜਾਵੇਗਾ। ਜਹਾਜ਼ ਵਿੱਚ ਵੀ ਉਨ੍ਹਾਂ ਨੂੰ ਬੇੜੀਆਂ ਨਾਲ ਬੰਨ੍ਹ ਕੇ ਲਿਆਂਦਾ ਗਿਆ।"
ਕੀ-ਕੀ ਪਿੰਡੇ 'ਤੇ ਹੰਢਾਇਆ
ਦਰਦਾਂ ਦੀ ਪਟਾਰੀ ਖੁੱਲ੍ਹਦੇ ਹਰਜੀਤ ਸਿੰਘ ਨੇ ਦੱਸਿਆ ਕਿ "ਪਨਾਮਾ ਦੇ ਜੰਗਲਾਂ 'ਚ ਤਾਂ ਗੰਦਾ ਪਾਣੀ ਪੀਣਾ ਪਿਆ, ਗੰਦੀ ਥਾਂ 'ਤੇ ਸੌਣਾ ਪਿਆ, ਔਰਤਾਂ 'ਤੇ ਅੱਤਿਆਚਾਰ ਹੁੰਦਾ ਹੈ। ਇੱਥੇ ਹੀ ਬਸ ਨਹੀਂ ਹੁੰਦੀ ਹਰ ਕੰਮ ਪਿਸਤੌਲ ਦੀ ਨੌਕ 'ਤੇ ਕਰਵਾਇਆ ਜਾਂਦਾ। ਉਹ ਦਿਨ ਕਾਲੇ ਦਿਨ ਸਨ। ਹਮੇਸ਼ਾ ਜਾਨੋਂ ਮਾਰਨ ਦੀ ਧਮਕੀ ਮਿਲਦੀ ਸੀ।"

ਏਜੰਟ ਦਾ ਧੌਖਾ
ਹਰਜੀਤ ਸਿੰਘ ਦੇ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਏਜੰਟ ਨੇ ਕਿਹਾ ਸੀ ਕਿ ਉਨ੍ਹਾਂ ਦੇ ਮੁੰਡੇ ਨੂੰ ਸਹੀ ਢੰਗ ਨਾਲ ਹੀ ਭੇਜਿਆ ਜਾਵੇਗਾ ਪਰ ਉਨ੍ਹਾਂ ਦੇ ਮੁੰਡੇ ਨੂੰ ਰਸਤੇ 'ਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਗੁਰਪ੍ਰੀਤ ਕੌਰ ਸਰਕਾਰ ਤੋਂ ਮੰਗ ਕਰਦੇ ਹਨ ਕਿ ਮੁਲਜ਼ਮਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ। ਉਨ੍ਹਾਂ ਕਿਹਾ, ''ਮੇਰਾ ਮੁੰਡਾ 5-5 ਦਿਨ ਭੁੱਖਾ ਰਿਹਾ, ਉਸ ਦਾ ਫੋਨ ਵੀ ਖੋਹ ਲਿਆ ਸੀ। 24-24 ਘੰਟੇ ਬਿਨਾਂ ਕੱਪੜਿਆਂ ਦੇ ਏਸੀ 'ਚ ਰੱਖਿਆ। ਇਸ ਦੇ ਤਾਂ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ, ਮੈਂ ਤਾਂ ਆਪਣੇ ਬੱਚੇ ਪੇਕਿਆਂ ਦੇ ਸਿਰ 'ਤੇ ਪਾਲ਼ੇ ਹਨ, ਜੇ ਇਸ ਨੂੰ ਕੁਝ ਹੋ ਜਾਂਦਾ ਤਾਂ ਮੈਂ ਕੀ ਕਰਦੀ।''
- "ਇੱਕ ਤਾਂ ਕੜਾਕੇ ਦੀ ਠੰਢ ਉਪਰੋਂ ਤੇਜ਼ ਛੱਡੇ ਏਸੀ, ਨਾ ਸੋਣ ਦਿੱਤਾ, ਨਾ ਖਾਣ ਦਿੱਤਾ, ਜ਼ਿੰਦਾ ਕਿਵੇਂ ਬਚੇ ਅਸੀਂ ਨਹੀਂ ਜਾਣਦੇ ?
- ਨਹੀਂ ਰੁਕ ਰਹੇ ਬੁੱਢੀਆਂ ਅੱਖਾਂ ਦੇ ਹੰਝੂ, ਦਿਲ ਛੱਡੀ ਜਾਂਦਾ ਬਾਪੂ ! ਅਮਰੀਕਾ ਤੋਂ ਡਿਪੋਰਟ ਹੋਏ ਸਾਹਿਲਪ੍ਰੀਤ ਸਿੰਘ ਦੇ ਪਰਿਵਾਰ ਦਾ ਦਰਦ
- "ਅਸੀਂ ਕੋਈ ਗੈਂਗਸਟਰ ਹਾਂ, ਜੋ ਬੇੜੀਆਂ 'ਚ ਜਕੜ ਕੇ ਲਿਆਂਦਾ", ਸਾਡੇ ਨਾਲ ਅਜਿਹਾ ਸਲੂਕ ਕਿਉਂ ?
- ਭਾਰਤੀਆਂ ਨੂੰ ਕਿਉਂ ਡਿਪੋਰਟ ਕਰ ਰਿਹੈ ਅਮਰੀਕਾ ? ਭਾਰਤੀ ਨੇ ਹੀ ਖੋਲ੍ਹਿਆ ਇੱਕ-ਇੱਕ ਰਾਜ, ਤੁਸੀਂ ਵੀ ਸੁਣੋ ਵੀਡੀਓ