ਲੁਧਿਆਣਾ: ਲੁਧਿਆਣਾ ਦੇ ਡੇਹਲੋਂ ਦੇ ਵਿੱਚ ਬੀਤੀ ਦੇਰ ਰਾਤ ਕਾਰੋਬਾਰੀ ਦੀ ਪਤਨੀ ਦੀ ਲੁਟੇਰਿਆਂ ਵੱਲੋਂ ਕਤਲ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਵੱਲੋਂ ਅੱਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਸੜਕ 'ਤੇ ਬੈਠ ਕੇ ਪਰਿਵਾਰ ਦੇ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਅਤੇ ਕਿਹਾ ਕਿ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਕਿਸੇ ਨੂੰ ਟ੍ਰੇਸ ਨਹੀਂ ਕਰ ਪਾਈ ਹੈ। ਇਸ ਨੂੰ ਲੈ ਕੇ ਸਿਆਸੀ ਆਗੂ ਵੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਸਰਕਾਰ 'ਤੇ ਜਿੱਥੇ ਸਵਾਲ ਖੜੇ ਕੀਤੇ ਹਨ। ਉੱਥੇ ਹੀ ਪਰਿਵਾਰ ਦਾ ਸਾਥ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਹਨ। ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਕੋਈ ਵੀ ਸੁਰੱਖਿਅਤ ਨਹੀਂ ਹੈ।
ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ
ਇਸ ਦੌਰਾਨ ਸਿਮਰਜੀਤ ਬੈਂਸ ਵੀ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਹਮਲੇ ਦੀ ਸਭ ਤੋਂ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਚਾਹੇ ਹੁਣ ਜੋ ਮਰਜ਼ੀ ਕਰਦੇ ਰਹੀਏ ਪੁਲਿਸ ਜਿੰਨਾ ਮਰਜ਼ੀ ਬੋਲ ਲਵੇ ਪਰ ਜਿਸ ਦੀ ਪਤਨੀ ਗਈ ਹੈ, ਉਹ ਹੁਣ ਵਾਪਿਸ ਨਹੀਂ ਆ ਸਕਦੀ। ਉਨ੍ਹਾਂ ਨੇ ਕਿਹਾ ਕਿ ਇਹ ਪਰਿਵਾਰ ਨੂੰ ਵੀ ਮਿਲ ਕੇ ਆਏ ਹਨ ਪਰਿਵਾਰ ਉਨ੍ਹਾਂ ਦਾ ਪੁਰਾਣਾ ਜਾਨਣ ਵਾਲਾ ਹੈ। ਇਸ ਦੌਰਾਨ ਭਾਜਪਾ ਦੇ ਆਗੂ ਵੀ ਮੌਕੇ 'ਤੇ ਪਹੁੰਚੇ ਅਨਿਲ ਸਰੀਨ ਨੇ ਕਾਨੂੰਨ ਵਿਵਸਥਾ ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਮੁਲਜ਼ਮਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਲੁੱਟ ਦੀ ਮਨਸ਼ਾ ਦੇ ਨਾਲ ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਭਾਜਪਾ ਦੇ ਆਗੂ ਨੇ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ। ਜੋ ਕਿ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਉੱਥੇ ਹੀ ਮ੍ਰਿਤਕਾ ਦੇ ਪਤੀ ਨੇ ਕਿਹਾ ਕਿ ਚਾਰ ਤੋਂ ਪੰਜ ਵਿਅਕਤੀ ਸਨ, ਜਿਨਾਂ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਫੀ ਦੇਰ ਤੱਕ ਰੌਲਾ ਪਾਉਣ ਤੋਂ ਬਾਅਦ ਹੋਟਲ ਦੇ ਮਾਲਕਾਂ ਨੇ ਫੋਨ ਕੀਤਾ ਅਤੇ ਪੌਣੇ ਘੰਟੇ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਕਿਹਾ ਕਿ ਉਦੋਂ ਤੱਕ ਉਨ੍ਹਾਂ ਦੀ ਪਤਨੀ ਦਮ ਤੋੜ ਚੁੱਕੀ ਸੀ।
ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਲੁਧਿਆਣਾ ਦੇ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੂੰ ਸਵਾਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਧਰਨਾ ਪ੍ਰਦਰਸ਼ਨ 'ਤੇ ਬੈਠੇ ਸਨ। ਉਨ੍ਹਾਂ ਨੂੰ ਜਰੂਰ ਸਮਝਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਧਰਨਾ ਪ੍ਰਦਰਸ਼ਨ ਖਤਮ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਵਿੱਚ ਜਲਦੀ ਹੀ ਕਾਮਯਾਬ ਹੋ ਜਾਵਾਂਗੇ ਕਾਫੀ ਲੀਡ ਸਾਨੂੰ ਮਿਲ ਚੁੱਕੀ ਹੈ ਅਸੀਂ ਲਗਾਤਾਰ ਇਸ 'ਤੇ ਕੰਮ ਕਰ ਰਹੇ ਹਨ।