ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਅੱਜ ਇੱਕ ਚਰਚਿਤ ਨਾਂਅ ਬਣ ਉਭਰ ਚੁੱਕੇ ਹਨ ਨੌਜਵਾਨ ਗਾਇਕ ਗੁਰਨਾਜ਼ਰ, ਜੋ ਅਪਣਾ ਇੱਕ ਹੋਰ ਨਵਾਂ ਟ੍ਰੈਕ 'ਅਨਸੇਡ ਟੌਕਸ' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਮਨ ਨੂੰ ਮੋਹ ਲੈਣ ਵਾਲੀ ਅਵਾਜ਼ ਨਾਲ ਸੱਜਿਆ ਇਹ ਗਾਣਾ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਦਸਤਕ ਦੇਣ ਜਾ ਰਿਹਾ ਹੈ।
'ਸਪੀਡ ਰਿਕਾਰਡਸ' ਅਤੇ 'ਟਾਈਮ ਮਿਊਜ਼ਿਕ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਟ੍ਰੈਕ ਦੀ ਕੰਪੋਜੀਸ਼ਨ ਗੁਰਨਾਜ਼ਰ ਅਤੇ ਕਾਰਤਿਕ ਦੇਵ ਦੁਆਰਾ ਤਿਆਰ ਕੀਤੀ ਗਈ ਹੈ, ਜਦਕਿ ਇਸ ਦੀ ਸੰਗੀਤ ਸੰਯੋਜਨਾਂ ਗੌਰਵ ਦੇਵ ਅਤੇ ਕਾਰਤਿਕ ਦੇਵ ਨੇ ਕੀਤੀ ਹੈ।
ਹਿੰਦੀ ਅਤੇ ਪੰਜਾਬੀ ਸੰਗੀਤ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੇ ਅਤੇ ਗੁਰਨਾਜ਼ਰ ਦੇ ਹੀ ਹਿੱਟ ਰਹੇ ਗਾਇਕ 'ਤੈਨੂੰ ਕਹਿਣ ਵਾਲੀ ਗੱਲ' ਦੇ ਵਿਸਤ੍ਰਿਤ ਸੰਸਕਰਣ ਦੇ ਰੂਪ ਵਿੱਚ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਗੁਰਨਾਜ਼ਰ ਦੇ ਨਾਲ-ਨਾਲ ਮਸ਼ਹੂਰ ਮਾਡਲ ਜਿਆ ਸ਼ੰਕਰ ਦੁਆਰਾ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।