ਚੰਡੀਗੜ੍ਹ:ਦਿਲ-ਲੂਮੀਨਾਟੀ ਟੂਰ ਲੜੀ ਅਧੀਨ ਚੰਡੀਗੜ੍ਹ 'ਚ ਸਫ਼ਲ ਕੰਸਰਟ ਕਰਨ ਵਾਲੇ ਦਿਲਜੀਤ ਦੁਸਾਂਝ ਪਿਛਲੇ ਕਈ ਦਿਨਾਂ ਤੋਂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਦਾ ਆਨੰਦ ਉਠਾ ਰਹੇ ਹਨ, ਜਿੱਥੇ ਅਮਿੱਟ ਯਾਦਾਂ ਦੀ ਛਾਪ ਛੱਡ ਉਹ ਅੱਜ ਵਾਪਸ ਪਰਤ ਰਹੇ ਹਨ, ਜੋ ਇਸੇ ਸ਼ਾਮ ਮੁੰਬਈ ਵਿਖੇ ਆਯੋਜਿਤ ਹੋਣ ਜਾ ਰਹੇ ਗ੍ਰੈਂਡ ਸ਼ੋਅ ਦਾ ਹਿੱਸਾ ਬਣਨਗੇ।
ਦੁਨੀਆ ਭਰ ਵਿੱਚ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾ ਰਹੇ ਇਹ ਬਿਹਤਰੀਨ ਗਾਇਕ ਅਪਣੇ ਉਕਤ ਦੌਰੇ ਨੂੰ ਲੈ ਕੇ ਵੀ ਸੁਰਖੀਆਂ 'ਚ ਬਣੇ ਰਹੇ ਹਨ, ਜਿੰਨ੍ਹਾਂ ਡੱਲ ਝੀਲ ਦੇ ਕੰਢੇ ਜ਼ਬਰਵਾਨ ਪਹਾੜੀਆਂ ਵਿੱਚ ਆਦਿ ਸ਼ੰਕਰਾਚਾਰੀਆ ਮੰਦਰ, ਪੁਰਾਣੇ ਸ਼ਹਿਰ ਦੇ ਖਾਨਕਾਹ ਧਾਰਮਿਕ ਸਥਾਨ ਅਤੇ ਸ਼੍ਰੀਨਗਰ ਦੇ ਰੈਨਾਵਾੜੀ ਖੇਤਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਦੇ ਦ੍ਰਿਸ਼ ਅਪਣੇ ਚਾਹੁੰਣ ਵਾਲਿਆਂ ਨਾਲ ਸਾਂਝੇ ਕੀਤੇ ਹਨ।
ਉਕਤ ਸ਼ੋਅ ਲੜੀ ਦਰਮਿਆਨ ਦੇ ਹਰ ਪਲ਼ ਨੂੰ ਬੇਹੱਦ ਸ਼ਾਨਦਾਰ ਰੂਪ ਵਿੱਚ ਅਪਣੇ ਪ੍ਰਸੰਸ਼ਕਾਂ ਨਾਲ ਲਗਾਤਾਰ ਸਾਂਝੀ ਕਰ ਰਹੇ ਇਹ ਬਾਕਮਾਲ ਗਾਇਕ ਅਤੇ ਅਦਾਕਾਰ, ਜੋ ਕਸ਼ਮੀਰ ਦੇ ਸਥਾਨਕ ਲੋਕਾਂ ਖਾਸ ਕਰ ਬੱਚਿਆਂ ਨਾਲ ਖੁਸ਼ੀ ਭਰੇ ਅੰਦਾਜ਼ ਵਿੱਚ ਰੂਬਰੂ ਹੋਏ, ਜਿੰਨ੍ਹਾਂ ਦਾ ਹਰ ਜਗ੍ਹਾਂ ਉੱਥੋਂ ਦੇ ਮਿਲਣਸਾਰ ਨਿਵਾਸੀਆਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।