ਚੰਡੀਗੜ੍ਹ: ਜੇਕਰ ਤੁਸੀਂ ਪੰਜਾਬੀ ਫਿਲਮਾਂ ਦੇ ਸ਼ੌਂਕੀਨ ਹੋ ਤਾਂ ਯਕੀਨਨ ਤੁਸੀਂ ਫਿਲਮ 'ਰੁਪਿੰਦਰ ਗਾਂਧੀ' ਜ਼ਰੂਰ ਦੇਖੀ ਹੋਵੇਗੀ, ਇਸ ਫਿਲਮ ਨੇ ਪ੍ਰਸ਼ੰਸਕਾਂ ਨੂੰ ਕਾਫੀ ਖਿੱਚਿਆ ਸੀ, ਇਸ ਦੇ ਨਾਲ ਹੀ ਤੁਹਾਨੂੰ ਇਸ ਫਿਲਮ ਦਾ ਹੱਸਮੁੱਖ ਕਿਰਦਾਰ 'ਭੋਲਾ' ਵੀ ਯਕੀਨਨ ਯਾਦ ਹੋਵੇਗਾ।
ਜੀ ਹਾਂ...ਅਸੀਂ ਜਗਜੀਤ ਸੰਧੂ ਦੀ ਗੱਲ ਕਰ ਰਹੇ ਹਾਂ, ਜਿੰਨ੍ਹਾਂ ਨੇ ਪੰਜਾਬੀ ਸਿਨੇਮਾ ਵਿੱਚ 'ਭੋਲਾ' ਨਾਂਅ ਨਾਲ ਕਾਫੀ ਪ੍ਰਸਿੱਧੀ ਹਾਸਿਲ ਕੀਤੀ ਹੈ, ਪਰ ਇਸ ਫਿਲਮ ਦੇ ਤੀਜੇ ਭਾਗ ਯਾਨੀ 'ਗਾਂਧੀ 3' ਵਿੱਚ ਭੋਲਾ ਨਜ਼ਰ ਨਹੀਂ ਆਇਆ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ ਅਤੇ ਉਨ੍ਹਾਂ ਨੇ ਕੁਮੈਂਟਸ ਰਾਹੀਂ ਫਿਲਮ ਦੇ ਮੁੱਖ ਕਿਰਦਾਰ ਅਦਾਕਾਰ ਦੇਵ ਖਰੌੜ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ।
ਇਸ ਤਰ੍ਹਾਂ ਜਦੋਂ ਇੱਕ ਪੋਡਕਾਸਟ ਦੌਰਾਨ ਅਦਾਕਾਰ ਦੇਵ ਖਰੌੜ ਤੋਂ ਭੋਲਾ ਦੀ ਗੈਰ-ਮੌਜ਼ੂਦਗੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਾਫੀ ਹੈਰਾਨ ਕਰਨ ਵਾਲਾ ਜਵਾਬ ਦਿੱਤਾ ਅਤੇ ਕਿਹਾ, 'ਗਾਂਧੀ 3 ਦੇ ਰੋਲ ਲਈ ਪ੍ਰੋਡਿਊਸਰ ਨੇ ਜਗਜੀਤ ਤੱਕ ਪਹੁੰਚ ਕੀਤੀ, ਜਿਆਦਾ ਫੀਸ ਕਾਰਨ ਦੋਵਾਂ ਵਿੱਚ ਗੱਲ ਨਹੀਂ ਬਣੀ।' ਇਸ ਤੋਂ ਬਾਅਦ ਅਦਾਕਾਰ ਨੇ ਇਹ ਵੀ ਦੱਸਿਆ ਕਿ 'ਇੱਕ ਸਮੇਂ ਉਤੇ ਜਗਜੀਤ ਸੰਧੂ ਭੋਲੇ ਕਿਰਦਾਰ ਦਾ ਨਾਂਅ ਵੀ ਸੁਣਨਾ ਨਹੀਂ ਚਾਹੁੰਦਾ ਸੀ, ਹਾਲਾਂਕਿ ਉਹ ਭੋਲੇ ਕਰਕੇ ਹੀ ਹਿੱਟ ਹੋਇਆ ਸੀ, ਉਹ ਕਹਿੰਦਾ ਸੀ ਕਿ ਮੈਨੂੰ ਭੋਲਾ ਨਾ ਕਹੋ।'
ਹੁਣ ਜਗਜੀਤ ਸੰਧੂ ਨੇ ਦਿੱਤਾ ਦੇਵ ਖਰੌੜ ਨੂੰ ਜਵਾਬ
ਹੁਣ ਇੱਕ ਇੰਟਰਵਿਊ ਵਿੱਚ ਜਗਜੀਤ ਸੰਧੂ ਨੇ ਇਸ ਪੂਰੇ ਮਸਲੇ ਉਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ ਅਤੇ ਕਿਹਾ, 'ਮੈਂ ਪੈਸੇ ਪ੍ਰੋਡਿਊਸਰ ਤੋਂ ਮੰਗੇ ਸਨ ਨਾ ਕਿ ਲੋਕਾਂ ਤੋਂ ਅਤੇ ਉਸ ਪ੍ਰੋਡਿਊਸਰ ਤੋਂ ਮੰਗੇ ਸਨ ਜਿਸਨੇ ਅੱਗੇ ਤੋਂ ਕਰੋੜਾਂ ਕਮਾਉਣੇ ਹਨ, ਇਹ ਇੱਕ ਬਿਜ਼ਨੈੱਸ ਫੀਲਡ ਹੈ, ਇੱਥੇ ਕੋਈ ਸੇਵਾ ਲਈ ਨਹੀਂ ਹੈ।'
ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਅੱਗੇ ਕਿਹਾ, 'ਚੱਲੋ ਅੱਜ ਮੈਂ ਦਿੰਦਾ ਹਾਂ ਇਸ ਗੱਲ ਦਾ ਜਵਾਬ, ਮੈਂ ਹਰ ਫਿਲਮ ਫ੍ਰੀ ਕਰਨ ਨੂੰ ਤਿਆਰ ਹਾਂ, ਪਰ ਉਹ ਲੋਕਾਂ ਨੂੰ ਸਿਨੇਮਾ ਵਿੱਚ ਫ੍ਰੀ ਫਿਲਮ ਦਿਖਾਏ ਅਤੇ ਫਿਰ ਯੂਟਿਊਬ ਉਤੇ ਪਾ ਦੇਵੇ, ਮੈਂ ਫਿਲਮ ਮੁਫ਼ਤ ਵਿੱਚ ਕਰਾਂਗਾ...ਤੁਸੀਂ ਅੱਗੇ ਤੋਂ ਕਰੋੜਾਂ ਕਮਾਓ ਅਤੇ ਅਸੀਂ ਆਪਣੀ ਰੋਜ਼ੀ-ਰੋਟੀ ਲਈ ਉਹਨੇ ਪੈਸੇ ਵੀ ਨਾ ਮੰਗੀਏ?' ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਇਓਪਿਕ ਤੀਜੀ ਨਹੀਂ ਹੋ ਸਕਦੀ।
ਦੇਵ ਖਰੌੜ ਅਤੇ ਜਗਜੀਤ ਸੰਧੂ ਦਾ ਵਰਕਫਰੰਟ
ਦੇਵ ਖਰੌੜ ਅਤੇ ਜਗਜੀਤ ਸੰਧੂ ਬਾਰੇ ਹੋਰ ਗੱਲ ਕਰੀਏ ਤਾਂ ਇੰਨ੍ਹਾਂ ਦੋਵੇਂ ਅਦਾਕਾਰਾਂ ਨੇ ਇੱਕਠੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਦੇਵ ਖਰੌੜ ਹਾਲ ਹੀ ਵਿੱਚ ਰੂਪੀ ਗਿੱਲ ਅਤੇ ਗੱਗੂ ਗਿੱਲ ਨਾਲ ਪੰਜਾਬੀ ਫਿਲਮ 'ਮਝੈਲ' ਵਿੱਚ ਨਜ਼ਰ ਆਏ, ਇਸ ਦੇ ਨਾਲ ਹੀ ਜਗਜੀਤ ਸੰਧੂ ਨੇ ਹਾਲ ਹੀ ਵਿੱਚ ਤਾਨੀਆ ਨਾਲ ਆਪਣੀ ਪੰਜਾਬੀ ਫਿਲਮ 'ਇੱਲਤੀ' ਰਿਲੀਜ਼ ਕੀਤੀ ਹੈ, ਜੋ ਅਜੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਇਸ ਤੋਂ ਇਲਾਵਾ ਦੋਵੇਂ ਅਦਾਕਾਰ ਆਪਣੀਆਂ ਆਉਣ ਵਾਲੀਆਂ ਕਈ ਫਿਲਮਾਂ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ।
ਇਹ ਵੀ ਪੜ੍ਹੋ: