ਚੰਡੀਗੜ੍ਹ:ਪੰਜਾਬੀ ਗਾਇਕੀ ਅਤੇ ਗੀਤਕਾਰੀ ਨੂੰ ਮਾਣ ਭਰੇ ਅਯਾਮ ਅਤੇ ਪ੍ਰਭਾਵੀ ਨਕਸ਼ ਦੇਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ ਗਾਇਕ ਅਤੇ ਗੀਤਕਾਰ ਬੀਰ ਸਿੰਘ, ਜਿੰਨ੍ਹਾਂ ਵੱਲੋਂ ਲਗਾਤਾਰਤਾ ਨਾਲ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਸਾਰਥਿਕ ਯਤਨਾਂ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਿਹਾ ਹੈ ਉਨ੍ਹਾਂ ਦਾ ਗ੍ਰੈਂਡ ਲਾਈਵ ਕੰਸਰਟ, ਜਿਸ ਦਾ ਹਿੱਸਾ ਬਣਨ ਲਈ ਉਹ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹਨ।
'ਲੋਕ ਮਨ ਪੰਜਾਬ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਲਾਈਵ ਕੰਸਰਟ ਨੂੰ 'ਚੱਲ ਜਿੰਦੀਏ' ਟਾਈਟਲ ਅਧੀਨ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਪੰਜਾਬ ਵਿਖੇ ਵੱਡੇ ਪੱਧਰ ਉੱਪਰ ਆਯੋਜਿਤ ਕੀਤਾ ਜਾ ਰਿਹਾ ਉਨ੍ਹਾਂ ਦਾ ਪਹਿਲਾਂ ਗ੍ਰੈਂਡ ਕੰਸਰਟ ਹੋਵੇਗਾ, ਜਿਸ ਦਾ ਪ੍ਰਸਤੁਤੀਕਰਨ 16 ਨਵੰਬਰ ਨੂੰ ਮਾਲਵਾ ਦੇ ਰਜਵਾੜਾਸ਼ਾਹੀ ਸ਼ਹਿਰ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਹੋਵੇਗਾ।
ਪੰਜਾਬ ਭਰ ਦੇ ਸੰਗੀਤਕ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਿੰਦੂ ਬਣ ਚੁੱਕੇ ਉਕਤ ਕੰਸਰਟ ਵਿੱਚ ਵੱਡੀ ਤਾਦਾਦ ਵਿੱਚ ਦਰਸ਼ਕ ਸ਼ਮੂਲੀਅਤ ਦੀ ਸੰਭਾਵਨਾ ਪ੍ਰਬੰਧਨ ਟੀਮ ਦੁਆਰਾ ਪ੍ਰਗਟਾਈ ਜਾ ਰਹੀ ਹੈ, ਜਿੰਨ੍ਹਾਂ ਅਨੁਸਾਰ ਸਾਫ਼ ਸੁਥਰੀ ਗਾਇਕੀ ਨੂੰ ਪ੍ਰਫੁੱਲਿਤ ਕਰਨ ਅਤੇ ਪੁਰਾਤਨ ਮਾਹੌਲ ਨਾਲ ਨੌਜਵਾਨ ਪੀੜੀ ਦਾ ਜੁੜਾਵ ਕਰਵਾਉਣ ਦੇ ਯਤਨਾਂ ਅਧੀਨ ਆਯੋਜਿਤ ਕੀਤਾ ਜਾ ਰਿਹਾ ਇਹ ਕੰਸਰਟ, ਜਿਸ ਨਾਲ ਅਤੀਤ ਦਾ ਹਿੱਸਾ ਬਣਦੇ ਜਾ ਰਹੇ ਸਾਡੇ ਅਸਲ ਸੱਭਿਆਚਾਰਕ ਨੂੰ ਸਹੇਜਣ ਅਤੇ ਕਦਰਾਂ-ਕੀਮਤਾਂ ਨੂੰ ਵਧਾਵਾ ਦੇਣ ਦੇ ਨਾਲ-ਨਾਲ ਟੁੱਟਦੇ ਜਾ ਰਹੇ ਆਪਸੀ ਰਿਸ਼ਤਿਆਂ ਦੀਆਂ ਤੰਦਾਂ ਨੂੰ ਵੀ ਮੁੜ ਮਜ਼ਬੂਤੀ ਦੇਣ ਵਿੱਚ ਮਦਦ ਮਿਲੇਗੀ।
ਹਾਲ ਹੀ ਜਾਰੀ ਕੀਤੇ ਅਪਣੇ ਕਈ ਬਿਹਤਰੀਨ ਗਾਣਿਆਂ ਨਾਲ ਭਰਵੀਂ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਅਤੇ ਗੀਤਕਾਰ ਬੀਰ ਸਿੰਘ, ਜੋ ਜਿੱਥੇ ਵੱਖ-ਵੱਖ ਸੰਗੀਤਕ ਸ਼ੋਅਜ਼ 'ਚ ਬਤੌਰ ਜੱਜ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਕਰਵਾ ਰਹੇ ਹਨ, ਉਥੇ ਸਟੇਜ ਸ਼ੋਅਜ਼ ਦੀ ਦੁਨੀਆ ਵਿੱਚ ਵੀ ਉਨ੍ਹਾਂ ਦਾ ਗਾਇਕੀ ਦਾਇਰਾ ਵਿਸ਼ਾਲਤਾ ਅਖ਼ਤਿਆਰ ਕਰਦਾ ਜਾ ਰਿਹਾ ਹੈ, ਜਿੰਨ੍ਹਾਂ ਦੀ ਇਸੇ ਧਾਂਕ ਦਾ ਅਹਿਸਾਸ ਕਰਵਾਏਗਾ ਉਕਤ ਕੰਸਰਟ।
ਇਹ ਵੀ ਪੜ੍ਹੋ: