ਚੰਡੀਗੜ੍ਹ: ਲੰਦਨ, ਕੈਨੇਡਾ ਦੇ ਨਾਲ-ਨਾਲ ਅੱਜਕੱਲ੍ਹ ਆਸਟ੍ਰੇਲੀਆਈ ਖਿੱਤੇ ਵਿੱਚ ਵੀ ਪੰਜਾਬੀ ਫਿਲਮਾਂ ਦੇ ਫਿਲਮਾਏ ਜਾਣ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ, ਜਿਸ ਸੰਬੰਧਤ ਬਣੇ ਰੁਝਾਨ ਦੀ ਬਰਾਬਰਤਾ ਹੀ ਇਜ਼ਹਾਰ ਕਰਵਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਮੇਰੇ ਕਾਲੇ ਰੰਗ ਦਾ ਯਾਰ', ਜੋ ਸੰਪੂਰਨਤਾ ਦੇ ਆਖਰੀ ਪੜਾਅ ਵਿੱਚ ਪੁੱਜ ਚੁੱਕੀ ਹੈ।
'ਬਲੈਕ ਐਂਡ ਵ੍ਹਾਈਟ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਅਤੇ 'ਐਸ ਐਂਡ ਐਚ ਫਿਲਮਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਲੇਖਣ ਸੁਰਿੰਦਰ ਅੰਗੁਰਾਲ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਹਰਜੋਤ ਸਿੰਘ ਸੰਭਾਲ ਰਹੇ ਹਨ, ਜੋ ਇਸ ਦਿਲਚਸਪ ਫਿਲਮ ਨਾਲ ਪਾਲੀਵੁੱਡ 'ਚ ਅਪਣੀ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
ਪਰਿਵਾਰਿਕ ਡਰਾਮਾ ਅਤੇ ਸੰਗੀਤਮਈ ਕਹਾਣੀ ਸਾਰ ਅਧਾਰਿਤ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰੀ ਪੱਖ ਡੇਵਿਡ ਚੰਨ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਬਿਹਤਰੀਨ ਫਿਲਮਾਂ ਨੂੰ ਸ਼ਾਨਦਾਰ ਅਤੇ ਖੂਬਸੂਰਤ ਕੈਨਵਸ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਪ੍ਰਵਾਸੀ ਭਾਰਤੀ ਨਿਰਮਾਤਾ ਹਰਮੀਤ ਆਨੰਦ ਵੱਲੋਂ ਇੰਟਰਨੈਸ਼ਨਲ ਮੁਹਾਂਦਰੇ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਮਸ਼ਹੂਰ ਆਸਟ੍ਰੇਲੀਅਨ ਅਤੇ ਪੰਜਾਬ ਮੂਲ ਗਾਇਕ ਹਰਸਿਮਰਨ ਲੀਡ ਰੋਲ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਸੰਬੰਧਤ ਕਈ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਕਿਰਦਾਰਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ, ਜਿੰਨ੍ਹਾਂ ਵਿੱਚ ਇਫਤਖਾਰ ਠਾਕੁਰ, ਸੁਖਵਿੰਦਰ ਚਾਹਲ, ਜਸ਼ਨ ਗੋਸ਼ਾ ਅਤੇ ਨਵ ਲਹਿਲ ਆਦਿ ਸ਼ੁਮਾਰ ਹਨ।
ਉਕਤ ਫਿਲਮ ਦੇ ਲੇਖਨ ਮੱਦੇਨਜ਼ਰ ਆਸਟ੍ਰੇਲੀਆ ਪੁੱਜੇ ਲੇਖਕ ਸੁਰਿੰਦਰ ਅੰਗੁਰਾਲ, ਜੋ ਕਈ ਬਹੁ-ਚਰਚਿਤ ਅਤੇ ਬਿੱਗ ਸੈੱਟਅਪ ਫਿਲਮਾਂ ਲਿਖ ਚੁੱਕੇ ਹਨ, ਉਨ੍ਹਾਂ ਅਨੁਸਾਰ ਕਮਰਸ਼ਿਅਲ ਸਾਂਚੇ ਅਧੀਨ ਬਣਾਏ ਜਾਣ ਦੇ ਬਾਵਜੂਦ ਇਸ ਫਿਲਮ ਨੂੰ ਸਿਰਜਨਾਤਮਕ ਪੱਖ ਤੋਂ ਅਲਹਦਾ ਰੰਗ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਦਰਸ਼ਕਾਂ ਨੂੰ ਤਰੋ-ਤਾਜ਼ਗੀ ਦਾ ਵੀ ਅਹਿਸਾਸ ਕਰਵਾਏਗੀ।
ਇਹ ਵੀ ਪੜ੍ਹੋ: