ਚੰਡੀਗੜ੍ਹ: 10 ਅਪ੍ਰੈਲ ਯਾਨੀ ਕਿ ਅੱਜ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ '410' ਰਿਲੀਜ਼ ਹੋ ਗਿਆ ਹੈ, ਇਸ ਗੀਤ ਦਾ ਪ੍ਰਸ਼ੰਸਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਕੱਲ੍ਹ ਗੀਤ ਦਾ ਨਵਾਂ ਟੀਜ਼ਰ ਰਿਲੀਜ਼ ਕੀਤਾ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ।
ਇਸ ਗੀਤ ਨੂੰ ਸਿੱਧੂ ਦੇ ਨਾਲ ਸੰਨੀ ਮਾਲਟਨ ਨੇ ਮਿਲ ਕੇ ਗਾਇਆ ਹੈ। ਜਿਉਂ ਹੀ ਗੀਤ ਰਿਲੀਜ਼ ਹੋਇਆ ਪ੍ਰਸ਼ੰਸਕਾਂ ਨੇ ਲਾਈਕ ਦੇ ਬਟਨ ਦੱਬਣੇ ਸ਼ੁਰੂ ਕਰ ਦਿੱਤੇ ਅਤੇ ਪੂਰਾ ਕਮੈਂਟ ਬਾਕਸ ਅੱਗ ਅਤੇ ਲਾਲ ਇਮੋਜੀ ਨਾਲ ਭਰ ਗਿਆ। ਪ੍ਰਸ਼ੰਸਕਾਂ ਤੋਂ ਇਲਾਵਾ ਬਹੁਤ ਸਾਰੇ ਸਿਤਾਰਿਆਂ ਨੇ ਵੀ ਮਰਹੂਮ ਗਾਇਕ ਦੇ ਇਸ ਗੀਤ ਉਤੇ ਪ੍ਰਤੀਕਿਰਿਆ ਦਿੱਤੀ।
ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦੀ ਸ਼ੁਰੂਆਤ ਸੰਨੀ ਮਾਲਟਨ ਦੇ ਰੈਪ ਨਾਲ ਹੁੰਦੀ ਹੈ ਅਤੇ ਬਾਅਦ ਵਿੱਚ ਸਿੱਧੂ ਗੀਤ ਵਿੱਚ ਆਪਣੀ ਵਡਿਆਈ ਕਰਦਾ ਨਜ਼ਰ ਆਉਂਦਾ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ 30 ਹਜ਼ਾਰ ਲੋਕ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਸਨ।
ਉਲੇਖਯੋਗ ਹੈ ਕਿ '410' ਸਿੱਧੂ ਮੂਸੇਵਾਲਾ ਦਾ ਛੇਵਾਂ ਗੀਤ ਹੈ, ਜੋ ਉਸ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ 23 ਜੂਨ 2022 ਨੂੰ ਗਾਇਕ ਦਾ 'SYL' ਗੀਤ ਸਾਹਮਣੇ ਆਇਆ ਸੀ, ਜਿਸ ਵਿੱਚ ਗਾਇਕ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਬਿਆਨ ਕੀਤਾ ਸੀ। ਇਸ ਗੀਤ ਨੇ ਸਿਰਫ 72 ਘੰਟਿਆਂ ਵਿੱਚ 27 ਮਿਲੀਅਨ ਵਿਊਜ਼ ਪ੍ਰਾਪਤ ਕਰ ਲਏ ਸਨ।
ਫਿਰ ਸਿੱਧੂ ਦਾ ਦੂਜਾ ਗੀਤ 'ਵਾਰ' 8 ਨਵੰਬਰ 2022 ਨੂੰ ਰਿਲੀਜ਼ ਕੀਤਾ ਗਿਆ ਸੀ, ਇਹ ਪੰਜਾਬ ਦੇ ਜਰਨੈਲ ਹਰੀ ਸਿੰਘ ਨਲੂਆ ਨੂੰ ਸਮਰਪਿਤ ਕੀਤਾ ਗਿਆ ਸੀ। ਤੀਜਾ ਉਹਨਾਂ ਦਾ ਗੀਤ 'ਮੇਰਾ ਨਾਮ' 7 ਅਪ੍ਰੈਲ 2023 ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਚੌਥਾ ਗੀਤ 'ਚੌਰਨੀ' ਰਿਲੀਜ਼ ਕੀਤਾ ਗਿਆ ਅਤੇ ਪੰਜਵਾਂ ਗੀਤ ਉਹਨਾਂ ਦਾ ਵਾਚ ਆਉਟ ਸੀ, ਜਿਸ ਨੂੰ ਦੀਵਾਲੀ ਉਤੇ ਰਿਲੀਜ਼ ਕੀਤਾ ਗਿਆ ਸੀ।