ਚੰਡੀਗੜ੍ਹ: ਮਹਿਲਾ ਸਸ਼ਕਤੀਕਰਨ ਅਧਾਰਿਤ ਲਘੂ ਫਿਲਮ 'WHISTLE' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਨਿਰਦੇਸ਼ਨ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਬਤੌਰ ਨਿਰਦੇਸ਼ਕ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਨਵਰਾਜ ਰਾਜਾ ਵੱਲੋਂ ਕੀਤਾ ਗਿਆ ਹੈ, ਜੋ ਇਸ ਪਰਿਵਾਰਕ ਅਤੇ ਅਰਥ-ਭਰਪੂਰ ਫਿਲਮ ਨਾਲ ਇੱਕ ਹੋਰ ਸ਼ਾਨਦਾਰ ਪਾਰੀ ਵੱਲ ਵਧਣ ਜਾ ਰਹੇ ਹਨ।
ਕ੍ਰਿਏਟਿਵ ਹਾਈਟ ਪ੍ਰੋਡੋਕਸ਼ਨ ਦੇ ਬੈਨਰ ਹੇਠ ਬਣਾਈ ਗਈ ਇਸ ਪ੍ਰਭਾਵੀ ਕਹਾਣੀਸਾਰ ਆਧਾਰਿਤ ਲਘੂ ਫਿਲਮ ਦੀ ਕਹਾਣੀ ਅਤੇ ਸਕ੍ਰਿਪਟ ਨਵਜੋਤ ਢਿੱਲੋਂ ਵੱਲੋਂ ਲਿਖੀ ਗਈ ਹੈ, ਜਿੰਨਾਂ ਅਨੁਸਾਰ ਅਧੁਨਿਕਤਾ ਦੇ ਇਸ ਦੌਰ ਵਿੱਚ ਅੱਜ ਵੀ ਬਹੁਤ ਸਾਰੇ ਹਿੱਸਿਆਂ ਅਤੇ ਪਰਿਵਾਰਾਂ ਵਿੱਚ ਲੜਕੀਆਂ ਨੂੰ ਉਹ ਅਜ਼ਾਦੀ ਅਤੇ ਅਧਿਕਾਰ ਨਹੀਂ ਦਿੱਤੇ ਜਾ ਰਹੇ, ਜਿਸ ਨਾਲ ਉਹ ਅਪਣੀਆਂ ਰੁਚੀਆਂ ਅਨੁਸਾਰ ਕਰੀਅਰ ਅਤੇ ਜੀਵਨ ਮਾਪਦੰਢਾਂ ਦੀ ਚੋਣ ਕਰ ਸਕਣ ਅਤੇ ਇਸੇ ਹੀ ਦਿਸ਼ਾ ਵਿੱਚ ਲੋਕ ਜਾਗਰੂਕਤਾ ਪੈਦਾ ਕਰਨ ਅਤੇ ਕੁਝ ਕਰ ਗੁਜ਼ਰਣ ਦਾ ਜਜ਼ਬਾ ਰੱਖਦੀਆਂ ਲੜਕੀਆਂ ਦਾ ਮਨੋਬਲ ਉੱਚਾ ਚੁੱਕਣ ਅਤੇ ਉਨਾਂ ਦੇ ਹੌਸਲਿਆਂ ਨੂੰ ਉੱਚੀ ਪਰਵਾਜ਼ ਦੇਣ ਲਈ ਸਾਹਮਣੇ ਲਿਆਂਦੀ ਜਾ ਰਹੀ ਹੈ ਇਹ ਬਿਹਤਰੀਨ ਫਿਲਮ, ਜਿਸ ਵਿੱਚ ਹਰਪ ਨਾਜ, ਤ੍ਰਿਲੋਕ ਸਬਲੋਕ ਅਤੇ ਹੋਰ ਕਈ ਮੰਝੇ ਹੋਏ ਕਲਾਕਾਰ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।
ਉਨਾਂ ਕਿਹਾ ਕਿ ਜੇਕਰ ਅਜੋਕੇ ਸਮਾਜਿਕ ਵਰਤਾਰੇ ਅਤੇ ਮੰਜਰ ਵੱਲ ਨਿਗਾਹ ਮਾਰੀ ਜਾਵੇ ਤਾਂ ਬਹੁਤ ਥਾਈ ਅਕਸਰ ਵੇਖਣ ਅਤੇ ਸੁਣਨ ਨੂੰ ਮਿਲ ਜਾਂਦਾ ਹੈ ਕਿ “ਕੁੜੀਆਂ ਆਹ ਨਹੀਂ ਕਰਦੀਆਂ ਹੁੰਦੀਆਂ…ਕੁੜੀਆਂ ਅਹੁ ਨਹੀਂ ਕਰਦੀਆਂ ਹੁੰਦੀਆਂ…ਕੁੜੀਆਂ ਇਉਂ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ … ਕੁੜੀਆਂ ਓਹ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ …ਕੁੜੀਆਂ ਨੂੰ ਆਹ ਕਰਨਾ ਚਾਹੀਦਾ… ਕੁੜੀਆਂ ਨੂੰ ਏਦਾਂ ਕਰਨਾ ਚਾਹੀਦਾ...” ਕੁੜੀਆਂ ਦੀ ਇਹ ਸਥਿਤੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਅੜਿੱਕਾ ਸਾਬਤ ਹੁੰਦੀ ਹੈ।