ਨਵੀਂ ਦਿੱਲੀ: ਆਧਾਰ ਕਾਰਡ ਹਰ ਭਾਰਤੀ ਨਾਗਰਿਕ ਲਈ ਅਹਿਮ ਦਸਤਾਵੇਜ਼ ਬਣ ਗਿਆ ਹੈ। ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਲੈ ਕੇ ਬੈਂਕਿੰਗ ਸੇਵਾਵਾਂ ਤੱਕ, ਆਧਾਰ ਕਾਰਡ ਜ਼ਰੂਰੀ ਹੈ। ਆਧਾਰ ਕਾਰਡ ਦੇ ਬਿਨ੍ਹਾਂ ਤੁਹਾਡੇ ਲਈ ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਇੰਨਾ ਹੀ ਨਹੀਂ ਜੇਕਰ ਕਿਸੇ ਦੇ ਆਧਾਰ ਕਾਰਡ 'ਚ ਕੋਈ ਗਲਤੀ ਜਾਂ ਗਲਤ ਜਾਣਕਾਰੀ ਹੈ ਤਾਂ ਇਹ ਤੁਹਾਡੇ ਲਈ ਵੱਡੀ ਸਮੱਸਿਆ ਬਣ ਸਕਦੀ ਹੈ।
ਹਾਲ ਹੀ 'ਚ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਆਧਾਰ ਕਾਰਡ 'ਚ ਨਾਮ ਠੀਕ ਕਰਨ ਦੀ ਪ੍ਰਕਿਰਿਆ 'ਚ ਬਦਲਾਅ ਕੀਤਾ ਹੈ। ਇਨ੍ਹਾਂ ਬਦਲਾਵਾਂ ਦਾ ਉਦੇਸ਼ ਸੁਰੱਖਿਆ ਨੂੰ ਵਧਾਉਣਾ ਅਤੇ ਆਧਾਰ ਕਾਰਡ 'ਤੇ ਆਧਾਰਿਤ ਧੋਖਾਧੜੀ ਨੂੰ ਰੋਕਣਾ ਹੈ।
ਨਾਮ ਬਦਲਣ ਦੇ ਸੀਮਿਤ ਮੌਕੇ
ਨਵੇਂ ਨਿਯਮਾਂ ਦੇ ਤਹਿਤ UIDAI ਨੇ ਆਧਾਰ ਕਾਰਡ ਵਿੱਚ ਨਾਮ 'ਚ ਸੁਧਾਰ ਕਰਨ ਦੇ ਮੌਕੇ ਸੀਮਿਤ ਕਰ ਦਿੱਤੇ ਹਨ। ਹੁਣ ਯੂਜ਼ਰਸ ਸਿਰਫ ਦੋ ਵਾਰ ਆਧਾਰ ਕਾਰਡ 'ਚ ਆਪਣਾ ਨਾਂ ਬਦਲਵਾ ਸਕਣਗੇ। ਇਸ ਕਾਰਨ ਉਪਭੋਗਤਾਵਾਂ ਨੂੰ ਹੁਣ ਆਧਾਰ ਕਾਰਡ ਬਣਾਉਂਦੇ ਸਮੇਂ ਹੋਰ ਸਾਵਧਾਨ ਰਹਿਣ ਦੀ ਲੋੜ ਹੈ। ਨਵੇਂ ਬਦਲਾਅ ਤੋਂ ਬਾਅਦ ਹੁਣ ਯੂਜ਼ਰਸ ਨੂੰ ਆਧਾਰ ਕਾਰਡ 'ਚ ਨਾਮ ਬਦਲਵਾਉਣ ਲਈ ਗੈਜੇਟ ਨੋਟੀਫਿਕੇਸ਼ਨ ਦੇਣਾ ਲਾਜ਼ਮੀ ਹੋਵੇਗਾ। ਚਾਹੇ ਉਹ ਉਪਭੋਗਤਾਵਾਂ ਦੇ ਨਾਮ ਵਿੱਚ ਮਾਮੂਲੀ ਤਬਦੀਲੀਆਂ ਹੋਣ ਜਾਂ ਪੂਰੇ ਨਾਮ ਨੂੰ ਬਦਲਣਾ, ਦੋਵਾਂ ਸਥਿਤੀਆਂ ਵਿੱਚ ਉਸਨੂੰ ਗੈਜੇਟ ਨੋਟੀਫਿਕੇਸ਼ਨ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ, ਉਪਭੋਗਤਾਵਾਂ ਨੂੰ ਹੋਰ ਪਛਾਣ ਦਸਤਾਵੇਜ਼ ਵੀ ਪੇਸ਼ ਕਰਨੇ ਪੈਣਗੇ, ਜਿਸ ਵਿੱਚ ਪੂਰਾ ਨਾਮ ਵੇਰਵਾ ਸ਼ਾਮਲ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਪੈਨ ਕਾਰਡ, ਵੋਟਰ ਆਈਡੀ, ਡਰਾਈਵਿੰਗ ਲਾਇਸੰਸ, ਸਰਵਿਸ ਆਈਡੀ ਕਾਰਡ ਜਾਂ ਪਾਸਪੋਰਟ ਸ਼ਾਮਲ ਹਨ।
ਪਤਾ ਬਦਲਣ ਦੀ ਪ੍ਰਕਿਰਿਆ ਵਿੱਚ ਬਦਲਾਅ
UIDAI ਨੇ ਨਾਮ ਬਦਲਣ ਦੀ ਪ੍ਰਕਿਰਿਆ ਨੂੰ ਔਖਾ ਬਣਾ ਦਿੱਤਾ ਹੈ ਅਤੇ ਦੂਜੇ ਪਾਸੇ ਐਡਰੈੱਸ ਅਤੇ ਹੋਰ ਵੇਰਵਿਆਂ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਦਿੱਤਾ ਹੈ। ਹੁਣ ਤੁਸੀਂ ਆਪਣਾ ਪਤਾ ਆਸਾਨੀ ਨਾਲ ਅਪਡੇਟ ਕਰ ਸਕਦੇ ਹੋ। ਇਹ ਨਿਯਮ ਉਪਭੋਗਤਾ ਨੂੰ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਆਪਣਾ ਪਤਾ ਅਪਡੇਟ ਕਰਨ ਦੀ ਆਗਿਆ ਦਿੰਦਾ ਹੈ।
ਨਵੀਂ ਪ੍ਰਕਿਰਿਆ ਸੁਰੱਖਿਆ ਨੂੰ ਵਧਾਏਗੀ
ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਨਾ ਸਿਰਫ਼ ਪ੍ਰਕਿਰਿਆ ਨੂੰ ਸੁਰੱਖਿਅਤ ਬਣਾਉਣਾ ਹੈ ਸਗੋਂ ਉਪਭੋਗਤਾਵਾਂ ਲਈ ਇੱਕ ਸੁਚਾਰੂ ਅਤੇ ਸਧਾਰਨ ਅਨੁਭਵ ਪ੍ਰਦਾਨ ਕਰਨਾ ਹੈ। ਨਾਮ ਬਦਲਣ ਲਈ ਗੈਜੇਟ ਨੋਟੀਫਿਕੇਸ਼ਨ ਨੂੰ ਲਾਜ਼ਮੀ ਬਣਾਉਣ ਨਾਲ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਨੂੰ ਰੋਕਿਆ ਜਾਵੇਗਾ। ਇਸ ਦੇ ਨਾਲ ਹੀ ਪਤਾ ਅਤੇ ਹੋਰ ਵੇਰਵਿਆਂ ਨੂੰ ਅਪਡੇਟ ਕਰਨ ਦੀ ਆਸਾਨ ਪ੍ਰਕਿਰਿਆ ਆਮ ਨਾਗਰਿਕਾਂ ਨੂੰ ਰਾਹਤ ਦੇਵੇਗੀ।
ਇਹ ਵੀ ਪੜ੍ਹੋ:-
- BSNL ਨੇ ਨਵਾਂ ਰਿਚਾਰਜ ਪਲੈਨ ਕੀਤਾ ਲਾਂਚ, ਸਿਰਫ਼ ਇੰਨੇ ਰੁਪਏ 'ਚ ਚੱਲੇਗਾ ਸਾਲ ਭਰ ਤੱਕ ਲਈ ਡਾਟਾ, ਹੋਰ ਵੀ ਕਈ ਮਿਲਣਗੇ ਲਾਭ
- ਅਣਜਾਣ ਨੰਬਰਾਂ ਤੋਂ ਆ ਰਹੇ ਮੈਸੇਜਾਂ ਨੂੰ ਕਰੋ ਇਗਨੋਰ! ਗ੍ਰਹਿ ਮੰਤਰਾਲੇ ਨੇ ਦਿੱਤੀ ਚੇਤਾਵਨੀ, ਨਹੀਂ ਤਾਂ ਇਸ ਵੱਡੇ ਘੁਟਾਲੇ ਦਾ ਤੁਸੀਂ ਹੋ ਸਕਦੇ ਹੋ ਸ਼ਿਕਾਰ
- Redmi Note 14 ਸੀਰੀਜ਼ ਦੀ ਗਲੋਬਲ ਲਾਂਚ ਡੇਟ ਆਈ ਸਾਹਮਣੇ, ਤਿੰਨ ਪ੍ਰੋਡਕਟਸ ਹੋਰ ਹੋਣਗੇ ਲਾਂਚ