ਚੰਡੀਗੜ੍ਹ: ਅੱਜ ਅਨਾਊਸ ਹੋਈ ਖੂਬਸੂਰਤ ਪੰਜਾਬੀ ਫ਼ਿਲਮ 'ਸਾਹ' ਪੰਜਾਬੀ ਸਿਨੇਮਾ ਦੇ ਵੱਖਰੇ ਰੰਗ ਰੂਪ ਅਖ਼ਤਿਆਰ ਕਰਦੇ ਜਾ ਰਹੇ ਸਿਨੇਮਾ ਸਾਂਚੇ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ, ਜੋ ਕਿ ਇਸ ਰਸਮੀ ਐਲਾਨ-ਨਾਮੇ ਤੋਂ ਬਾਅਦ ਜਲਦ ਸ਼ੂਟਿੰਗ ਪੜਾਅ ਵੱਲ ਵਧਣ ਜਾ ਰਹੀ ਹੈ।
ਦੱਸ ਦਈਏ ਕਿ 'ਕਲਾਊਡ ਨਾਈਨ ਪ੍ਰੋਡੋਕਸ਼ਨ ਅਤੇ ਸ਼੍ਰੀ ਬਦਰੀਨਾਥ ਸੇਲਜ਼' ਵੱਲੋ ਬਣਾਈ ਅਤੇ ਪ੍ਰਸਤੁਤ ਕੀਤੀ ਜਾਣ ਵਾਲੀ ਇਸ ਫ਼ਿਲਮ ਦਾ ਲੇਖ਼ਣ ਕੁਮਾਰ ਅਜੇ ਅਤੇ ਜੱਸੀ ਜਸਪ੍ਰੀਤ ਕਰਨਗੇ। ਜਦਕਿ ਨਿਰਦੇਸ਼ਨ ਕਮਾਂਡ ਗਦਰ ਸੰਭਾਲਣਗੇ, ਜੋ ਪੰਜਾਬੀ ਫ਼ਿਲਮ ਉਦਯੋਗ ਵਿਚ ਕੰਟੈਂਟ ਬੇਸਡ ਫਿਲਮਾਂ ਅਤੇ ਵੈੱਬ ਸੀਰੀਜ਼ ਸਾਹਮਣੇ ਲਿਆਉਣ ਵਿਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ।
ਰੋਮਾਂਟਿਕ ਸੰਗ਼ੀਤਕ ਕਹਾਣੀ-ਸਾਰ ਅਧਾਰਿਤ ਇਸ ਫ਼ਿਲਮ ਵਿਚ ਅਜੇ ਸਰਕਾਰੀਆ ਅਤੇ ਪ੍ਰੀਤ ਕਮਲ ਲੀਡ ਜੋੜੀ ਵਜੋ ਨਜ਼ਰ ਆਉਣਗੇ। ਜੋ ਪਹਿਲੀ ਵਾਰ ਇਕੱਠਿਆ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ। ਪਾਲੀਵੁੱਡ ਨਿਰਮਾਤਾ ਜਸਬੀਰ ਕੌਰ ਵੱਲੋ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫ਼ਿਲਮਬਧ ਕੀਤੀ ਜਾਣ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ ਦੇਸ਼ ਅਤੇ ਵਿਦੇਸ਼ ਦੀਆਂ ਮਨਮੋਹਕ ਲੋਕੋਸ਼ਨਾਂ ਉਪਰ ਅੰਜ਼ਾਮ ਦਿੱਤੀ ਜਾਵੇਗੀ। ਜਿਸ ਸਬੰਧਤ ਪ੍ਰੀ ਪ੍ਰੋਡੋਕਸ਼ਨ ਤਿਆਰੀਆਂ ਨੂੰ ਜੋਰਾਂ ਸ਼ੋਰਾਂ ਨਾਲ ਅੰਜ਼ਾਮ ਦਿੱਤੇ ਜਾਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।
ਹਾਲ ਹੀ ਵਿਚ ਰਿਲੀਜ਼ ਹੋਈ ਫਿਰ ਮਾਮਲਾ ਗੜਬੜ ਹੈ ਵਿਚ ਬਤੌਰ ਲੀਡ ਭੂਮਿਕਾ 'ਚ ਨਜ਼ਰ ਆਈ ਅਦਾਕਾਰਾ ਪ੍ਰੀਤ ਕਮਲ ਦੀ ਇਹ ਫਿਲਮ ਸ਼ੁਰੂ ਹੋਏ ਇਸ ਨਵੇਂ ਵਰ੍ਹੇ ਦੀ ਪਹਿਲੀ ਫ਼ਿਲਮ ਹੋਵੇਗੀ। ਜਦਕਿ ਅਦਾਕਾਰ ਅਜੇ ਸਰਕਾਰੀਆ ਵੀ ਅਪਣੀ ਹਾਲੀਆ ਫ਼ਿਲਮ 'ਸਿੱਧੂ ਵਰਸਿਜ਼ ਸਾਊਥਹਾਲ' ਦੇ ਕਾਫ਼ੀ ਲੰਮੇ ਵਕਫ਼ੇ ਬਾਅਦ ਇਸ ਨਵੀਂ ਫ਼ਿਲਮ ਦਾ ਹਿੱਸਾ ਬਣਨ ਜਾ ਰਹੇ ਹਨ।