ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਅਰਥ-ਭਰਪੂਰ ਲਘੂ ਫਿਲਮ 'ਟਾਹਲੀ' ਕਾਫ਼ੀ ਸਲਾਹੁਤਾ ਅਤੇ ਕਾਮਯਾਬੀ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ, ਜਿਸ ਨੂੰ ਚੰਡੀਗੜ੍ਹ ਵਿੱਚ ਸੰਪੰਨ ਹੋਏ 'ਅੱਵਲ ਪੰਜਾਬੀ ਫਿਲਮ ਮੇਲਾ 2024' ਵਿੱਚ ਬੈਸਟ ਬੈਕਗਰਾਊਂਡ ਮਿਊਜ਼ਿਕ ਦੇ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ, ਜਿਸ ਦੌਰਾਨ ਇੱਕ ਵਾਰ ਫਿਰ ਭਰਵੀਂ ਪ੍ਰਸ਼ੰਸਾ ਬਟੋਰਨ ਵਾਲੀ ਇਸ ਬਿਹਤਰੀਨ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਅਮਨ ਮਹਿਮੀ ਦੁਆਰਾ ਕੀਤਾ ਗਿਆ ਹੈ, ਜੋ ਪੰਜਾਬੀ ਫਿਲਮ ਸਨਅਤ ਅਤੇ ਲਘੂ ਫਿਲਮਾਂ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਕਾਇਮ ਕਰਦੇ ਜਾ ਰਹੇ ਹਨ।
'ਮਹਿਮੀ ਮੂਵੀਜ਼' ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਦਾ ਸਟੋਰੀ-ਸਕਰੀਨ ਪਲੇਅ ਅਤੇ ਡਾਇਲਾਗ ਲੇਖਣ ਰਾਜਦੀਪ ਸਿੰਘ ਬਰਾੜ ਜਦਕਿ ਨਿਰਦੇਸ਼ਨ ਅਮਨ ਮਹਿਮੀ ਵੱਲੋਂ ਕੀਤਾ ਗਿਆ ਹੈ, ਜਿਸ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਮਹਾਂਵੀਰ ਭੁੱਲਰ, ਮਲਕੀਤ ਸਿੰਘ ਔਲਖ, ਰਾਜਦੀਪ ਸਿੰਘ ਬਰਾੜ, ਵਿਰਾਟ ਮਾਹਲ, ਸੋਨੀਆ ਸਿੰਘ, ਕੰਵਲਜੀਤ ਸਿੰਘ, ਜਗਦੀਸ਼ ਸਿੰਘ ਤੂਫ਼ਾਨ, ਗਗਨਦੀਪ ਸਿੰਘ ਔਲਖ, ਗੁਰਪ੍ਰੀਤ ਸਿੰਘ ਮੱਲਣ, ਗੁਰਵਿੰਦਰ ਸ਼ਰਮਾ, ਜਗਤਾਰ ਸਿੰਘ, ਨੂਰਦੀਪ ਸਿੱਧੂ, ਅਮਰਜੀਤ ਕੌਰ, ਜਗਮੋਹਨ ਜੱਗੂ, ਨਿਸ਼ਾ ਸ਼ਰਮਾ, ਸੈਫਰਾਨਜੋਤ ਕੌਰ, ਸਨੇਹਾ ਸ਼ਰਮਾ ਵੱਲੋਂ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ ਹਨ।
ਲਘੂ ਫਿਲਮ 'ਟਾਹਲੀ' ਦਾ ਪੋਸਟਰ ਮਾਲਵੇ ਦੇ ਸਰਹੱਦੀ ਜ਼ਿਲਿਆਂ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਇਲਾਕਿਆਂ ਵਿੱਚ ਫਿਲਮਬੱਧ ਕੀਤੀ ਗਈ ਇਸ ਪਰਿਵਾਰਿਕ-ਡਰਾਮਾ ਫਿਲਮ ਵਿੱਚ ਇੱਕ ਟਾਹਲੀ ਖਾਤਰ ਘਟਿਤ ਹੁੰਦੇ ਭਾਵਨਾਤਮਕ ਅਤੇ ਖਤਰਨਾਕ ਵਰਤਾਰੇ ਦੀ ਵੀ ਦਿਲ ਟੁੰਬਵੀਂ ਗਾਥਾ ਬਿਆਨ ਕੀਤੀ ਗਈ ਹੈ, ਜਿਸ ਦੁਆਰਾ ਇਹ ਖੂਬਸੂਰਤ ਸੰਦੇਸ਼ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਨਿੱਕੀਆਂ ਨਿੱਕੀਆਂ ਗੱਲਾਂ ਅਤੇ ਹੋਣ ਵਾਲੀ ਨੋਕ ਝੋਕ ਨੂੰ ਟਾਲਿਆ ਨਾ ਜਾਵੇ ਤਾਂ ਇਹ ਕਿਸ ਹੱਦ ਤੱਕ ਦੁਖਾਂਤਕ ਰੂਪ ਧਾਰਨ ਕਰ ਸਕਦੀਆਂ ਹਨ ਅਤੇ ਦਿਲਾਂ ਅਤੇ ਮਨਾਂ ਨੂੰ ਵਲੂਧਰਦੀ ਕਹਾਣੀ ਨੂੰ ਹੋਰ ਪ੍ਰਭਾਵੀ ਰੂਪ ਦੇਣ ਵਿੱਚ ਇਸ ਦੇ ਬੈਕਗਰਾਊਂਡ ਮਿਊਜ਼ਿਕ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੂੰ ਹੀ ਵਾਂਚਦਿਆਂ ਉਕਤ ਫੈਸਟੀਵਲ 'ਚ ਇਸ ਮਿਊਜ਼ਿਕ ਦੀ ਸਿਰਜਨਾ ਕਰਨ ਵਾਲੇ ਨੂਰਦੀਪ ਸਿੱਧੂ, ਨਿਰਦੇਸ਼ਕ ਅਮਨ ਮਹਿਮੀ ਅਤੇ ਪੂਰੀ ਟੀਮ ਦੀ ਵੀ ਉਚੇਚੇ ਤੌਰ 'ਤੇ ਹੌਂਸਲਾ ਅਫ਼ਜਾਈ ਕੀਤੀ ਗਈ ਹੈ।
ਲਘੂ ਫਿਲਮ 'ਟਾਹਲੀ' ਨੂੰ ਮਿਲਿਆ ਸਨਮਾਣ ਪੰਜਾਬੀ ਲਘੂ ਫਿਲਮਾਂ ਦੇ ਖੇਤਰ ਵਿੱਚ ਹੋਰ ਨਵੀਆਂ ਸੰਭਾਵਨਾਵਾਂ ਜਗਾਉਣ ਵਾਲੀ ਉਕਤ ਫਿਲਮ ਦੇ ਨਿਰਦੇਸ਼ਕ ਅਮਨ ਮਹਿਮੀ ਦੇ ਹਾਲੀਆਂ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਮਿਆਰੀ ਅਤੇ ਪਰਿਵਾਰਿਕ ਕਦਰਾਂ ਕੀਮਤਾਂ ਦਾ ਪਸਾਰਾ ਕਰਦੀਆਂ ਲਘੂ ਫਿਲਮਾਂ ਦੇ ਨਿਰਮਾਣ ਅਤੇ ਨਿਰਦੇਸ਼ਨ ਵਿੱਚ ਲਗਾਤਾਰ ਅਹਿਮ ਯੋਗਦਾਨ ਪਾ ਰਹੇ ਹਨ, ਜਿਸ ਦਾ ਇਜ਼ਹਾਰ ਉਨਾਂ ਵੱਲੋਂ ਨਿਰਦੇਸ਼ਿਤ ਕੀਤੀ ਪੰਜਾਬੀ ਫਿਲਮ 'ਤੁੰਗਲ' ਵੀ ਬਾਖੂਬੀ ਕਰਵਾ ਚੁੱਕੀ ਹੈ, ਜੋ ਵੀ ਕਈ ਵੱਕਾਰੀ ਫਿਲਮ ਸਮਾਰੋਹਾਂ ਵਿੱਚ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾ ਚੁੱਕੀ ਹੈ।