ਚੰਡੀਗੜ੍ਹ: ਬੀਤੀ 10 ਮਈ ਨੂੰ ਰਿਲੀਜ਼ ਹੋਈ 'ਸ਼ਿੰਦਾ ਸ਼ਿੰਦਾ ਨੋ ਪਾਪਾ' ਬਾਕਸ ਆਫਿਸ 'ਤੇ ਲਗਾਤਾਰ ਨਵੇਂ ਰਿਕਾਰਡ ਕਾਇਮ ਕਰਨ ਵੱਲ ਵੱਧ ਰਹੀ ਹੈ, ਜਿਸ ਨੇ ਇਸੇ ਦੇ ਨਾਲ ਸਾਹਮਣੇ ਆਈ ਰਾਜਕੁਮਾਰ ਰਾਓ ਸਟਾਰਰ ਬਹੁ-ਚਰਚਿਤ ਹਿੰਦੀ ਫਿਲਮ 'ਸ਼੍ਰੀਕਾਂਤ' ਨੂੰ ਵੀ ਕਮਾਈ ਪੱਖੋਂ ਮਾਤ ਦਿੰਦਿਆਂ ਇਸ ਸਾਲ ਦੀਆਂ ਸਭ ਤੋਂ ਵਧ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ ਵਿੱਚ ਵੀ ਅਪਣੀ ਮੌਜੂਦਗੀ ਦਰਜ ਕਰਵਾ ਲਈ ਹੈ।
'ਸਾ-ਰੇ-ਗਾ-ਮਾ' ਅਤੇ 'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰਜ਼ ਅਤੇ 'ਏ ਯੁਡਲੀ ਫਿਲਮ' ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਗਈ ਉਕਤ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਵਿਕਰਮ ਮਹਿਰਾ, ਸਿਧਾਰਥ ਆਨੰਦ ਕੁਮਾਰ, ਸਹਿ ਨਿਰਮਾਣਕਾਰ ਭਾਨਾ ਲਾ, ਵਿਨੋਦ ਅਸਵਾਲ ਅਤੇ ਸਾਹਿਲ ਐਸ ਸ਼ਰਮਾ ਹਨ, ਜਦਕਿ ਨਿਰਦੇਸ਼ਨ ਕਮਾਂਡ ਅਮਰਪ੍ਰੀਤ ਜੀ ਐਸ ਛਾਬੜਾ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੀ ਸੁਪਰ ਡੁਪਰ ਹਿੱਟ ਰਹੀ 'ਹਨੀਮੂਨ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
ਦੇਸ਼-ਵਿਦੇਸ਼ ਵਿੱਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਗਈ ਅਤੇ ਬੀਤੇ ਦਿਨੀਂ ਪਾਕਿਸਤਾਨ ਦੇ ਸਿਨੇਮਿਆਂ ਦਾ ਵੀ ਸ਼ਿੰਗਾਰ ਬਣੀ ਇਹ ਫਿਲਮ ਵਰਲਡ ਵਾਈਡ 20 ਕਰੋੜ ਤੋਂ ਉੱਪਰ ਦਾ ਕਾਰੋਬਾਰ ਅੰਕੜਾ ਪਾਰ ਕਰ ਚੁੱਕੀ ਹੈ, ਹਾਲਾਂਕਿ ਇਸ ਵਿੱਚ ਲਹਿੰਦੇ ਪੰਜਾਬ ਦੇ ਬਾਕਿਸ ਆਫਿਸ ਵੇਰਵਿਆਂ ਨੂੰ ਹਾਲੇ ਸ਼ਾਮਿਲ ਨਹੀਂ ਕੀਤਾ ਗਿਆ, ਜੋ ਆਉਣ ਬਾਅਦ ਇਹ ਫਿਲਮ 25 ਕਰੋੜ ਤੋਂ ਵੀ ਉੱਪਰ ਦੀ ਕਮਾਈ ਵੱਲ ਵੱਧ ਸਕਦੀ ਹੈ।