ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਤੋਂ ਲੈ ਕੇ ਗਾਇਕ ਅਤੇ ਸੰਗੀਤਕਾਰ ਇੰਨੀਂ-ਦਿਨੀਂ ਵਿਦੇਸ਼ੀ ਸ਼ੋਅਜ਼ ਕਰਨ ਨੂੰ ਕਾਫ਼ੀ ਪ੍ਰਮੁੱਖਤਾ ਦਿੰਦੇ ਨਜ਼ਰੀ ਆ ਰਹੇ ਹਨ, ਜਿਸ ਸੰਬੰਧਤ ਹੀ ਵੱਧ ਰਹੇ ਰੁਝਾਨ ਦਾ ਹਿੱਸਾ ਬਣਨ ਜਾ ਰਹੀ ਹੈ ਅਦਾਕਾਰਾ-ਗਾਇਕਾ ਸ਼ਹਿਨਾਜ਼ ਕੌਰ ਗਿੱਲ, ਜੋ ਅਮਰੀਕਾ ਅਤੇ ਕੈਨੇਡਾ ਵਿਖੇ ਹੋਣ ਜਾ ਰਹੇ ਕਈ ਗ੍ਰੈਂਡ ਸ਼ੋਅਜ਼ ਦਾ ਹਿੱਸਾ ਬਣਨ ਜਾ ਰਹੀ ਹੈ।
'ਜੇਆਰ ਪ੍ਰੋਡੋਕਸ਼ਨ' ਅਤੇ 'ਪ੍ਰਿਆ ਹੈਦਰ' ਵੱਲੋਂ ਵੱਡੇ ਅਤੇ ਆਲੀਸ਼ਾਨ ਪੱਧਰ 'ਤੇ ਆਯੋਜਿਤ ਕਰਵਾਏ ਜਾ ਰਹੀ ਉਕਤ ਲਾਈਵ ਸ਼ੋਅਜ਼ ਲੜੀ ਅਧੀਨ ਅਮਰੀਕਾ ਅਤੇ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਇਹ ਲਾਈਵ ਸ਼ੋਅਜ਼ ਕੀਤੇ ਜਾਣਗੇ, ਜਿੰਨ੍ਹਾਂ ਦੀ ਸ਼ੁਰੂਆਤ 24 ਜੁਲਾਈ ਤੋਂ ਹੋਵੇਗੀ, ਜਿਸ ਸੰਬੰਧਤ ਸਾਰੀਆਂ ਤਿਆਰੀਆਂ ਤੇਜ਼ੀ ਨਾਲ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਓਧਰ ਆਪਣੇ ਉਕਤ ਇੰਟਰਨੈਸ਼ਨਲ ਸ਼ੋਅਜ਼ ਦੀ ਲੜੀ ਨੂੰ ਲੈ ਕੇ ਬਹੁ-ਪੱਖੀ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜਿੰਨਾਂ ਦੀ ਪ੍ਰਬੰਧਨ ਟੀਮ ਅਨੁਸਾਰ ਅਦਾਕਾਰਾ ਦੇ ਇਹ ਪਹਿਲੇ ਵੱਡੇ ਵਿਦੇਸ਼ੀ ਸੋਲੋ ਸ਼ੋਅ ਹਨ, ਜਿੰਨਾਂ ਨੂੰ ਹਰ ਪੱਖੋ ਬਿਹਤਰੀਨ ਬਣਾਉਣ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਹਨ।
ਉਨਾਂ ਅੱਗੇ ਦੱਸਿਆ ਕਿ ਜਿੰਨੇ ਵੀ ਸ਼ੋਅਜ਼ ਅੰਤਰਰਾਸ਼ਟਰੀ ਪੱਧਰ ਉੱਪਰ ਆਯੋਜਿਤ ਹੋ ਰਹੇ ਹਨ ਜਾਂ ਫਿਰ ਹੁੰਦੇ ਆ ਰਹੇ ਹਨ, ਉਹ ਜਿਆਦਾਤਰ ਵੱਡਅਕਾਰੀ ਕਈ ਸਿਤਾਰਿਆਂ ਆਧਾਰਿਤ ਰਹੇ ਹਨ, ਪਰ ਸ਼ਹਿਨਾਜ਼ ਦਾ ਇਹ ਸ਼ੋਅ ਕੇਵਲ ਅਤੇ ਕੇਵਲ ਉਨਾਂ ਦੀ ਹੀ ਸਟਾਰ ਮੌਜੂਦਗੀ ਸੰਬੰਧਤ ਰਹੇਗਾ, ਜਿਸ ਨੂੰ ਆਪਣੇ ਦਮ 'ਤੇ ਨਵੇਂ ਅਯਾਮ ਦੇਣਾ ਉਨਾਂ ਲਈ ਚੁਣੌਤੀਪੂਰਨ ਵੀ ਰਹੇਗਾ, ਪਰ ਇਸ ਸਭ ਦੇ ਬਾਵਜੂਦ ਉਹ ਆਪਣੀ ਜਿੰਮੇਵਾਰੀ ਅਤੇ ਪਰਫਾਰਮੈਂਸ ਨੂੰ ਲੈ ਕੇ ਕਾਫ਼ੀ ਵਿਸ਼ਵਾਸ਼ ਨਾਲ ਭਰੀ ਹੋਈ ਹੈ।
ਦੂਜੇ ਪਾਸੇ ਸ਼ੋਅ ਪ੍ਰਬੰਧਕ ਵੀ ਮਿਲ ਰਹੇ ਸ਼ੋਅਜ਼ ਹੁੰਗਾਰੇ ਨੂੰ ਲੈ ਕੇ ਬੇਹੱਦ ਖੁਸ਼ ਵਿਖਾਈ ਦੇ ਰਹੇ ਹਨ, ਜਿੰਨਾਂ ਅਨੁਸਾਰ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਦੇ ਇੰਨਾਂ ਸ਼ੋਅਜ਼ ਵਿੱਚ ਕੈਨੇਡਾ ਅਤੇ ਅਮਰੀਕਾ ਭਰ ਤੋਂ ਵੱਡੀ ਗਿਣਤੀ ਦਰਸ਼ਕ ਤਾਂ ਸ਼ਾਮਿਲ ਹੋਣਗੇ, ਨਾਲ ਹੀ ਉਥੋਂ ਨਾਲ ਸੰਬੰਧਿਤ ਵੱਖ-ਵੱਖ ਵਰਗ ਸ਼ਖਸ਼ੀਅਤਾਂ ਵੀ ਆਪਣੀ ਸ਼ਮੂਲੀਅਤ ਦਰਜ ਕਰਵਾਉਣਗੀਆਂ, ਜਿੰਨਾਂ ਦੀ ਆਮਦ ਇੰਨਾਂ ਪ੍ਰੋਗਰਾਮਾਂ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ।
ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਹ ਬਾਕਮਾਲ ਅਦਾਕਾਰਾ ਬਤੌਰ ਗਾਇਕਾ ਆਪਣਾ ਨਵਾਂ ਟਰੈਕ 'ਧੁੱਪ ਲੱਗਦੀ' ਵੀ ਸਰੋਤਿਆ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੀ ਹੈ, ਜਿਸ ਦਾ ਟੀਜ਼ਰ ਭਲਕੇ ਜਾਰੀ ਕੀਤਾ ਜਾ ਰਿਹਾ ਹੈ, ਜਿਸ ਤੋਂ ਇਲਾਵਾ ਉਨਾਂ ਦੀ ਇੱਕ ਹੋਰ ਬਹੁ-ਚਰਚਿਤ ਓਟੀਟੀ ਹਿੰਦੀ ਫਿਲਮ 'ਸਬ ਫਸਟ ਕਲਾਸ' ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ 'ਕੈਟ' ਜਿਹੀ ਸਫਲਤਮ ਫਿਲਮ ਨਿਰਦੇਸ਼ਿਤ ਕਰ ਚੁੱਕੇ ਬਲਵਿੰਦਰ ਸਿੰਘ ਜੰਜੂਆ ਦੁਆਰਾ ਕੀਤਾ ਗਿਆ ਹੈ।