ਲੁਧਿਆਣਾ: ਲੁਧਿਆਣਾ ਦੇ ਵਿੱਚ ਅੱਜ (31 ਦਸੰਬਰ) ਲੋਕ ਨਵਾਂ ਸਾਲ ਦਿਲਜੀਤ ਦੁਸਾਂਝ ਦੇ ਸ਼ੋਅ ਦੇ ਨਾਲ ਸ਼ੁਰੂ ਕਰਨਗੇ, ਰਾਤ 8:30 ਵਜੇ ਦਿਲਜੀਤ ਦਾ ਸ਼ੋਅ ਸ਼ੁਰੂ ਹੋ ਜਾਵੇਗਾ। ਉਸ ਨੂੰ ਲੈ ਕੇ 2 ਵਜੇ ਤੋਂ ਐਂਟਰੀ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ 14000 ਗੱਡੀਆਂ ਦੀ ਪਾਰਕਿੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੇੜੇ-ਤੇੜੇ ਦੇ ਸਾਰੇ ਹੀ ਏਰੀਏ ਦੇ ਕਾਲਜ ਸਕੂਲ ਆਦਿ ਨੂੰ ਪਾਰਕਿੰਗ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਦੋ ਤੋਂ ਤਿੰਨ ਕਿਲੋਮੀਟਰ ਦੇ ਏਰੀਆ ਦੇ ਵਿੱਚ ਪਾਰਕਿੰਗ ਬਣਾਈ ਗਈ ਹੈ, ਜੋ ਵੀ ਦਿਲਜੀਤ ਦਾ ਸ਼ੋਅ ਵੇਖਣ ਲਈ ਆਵੇਗਾ ਉਸ ਨੂੰ ਦੋ ਤੋਂ ਤਿੰਨ ਕਿਲੋਮੀਟਰ ਪੈਦਲ ਚੱਲਣਾ ਹੋਵੇਗਾ, ਹਾਲਾਂਕਿ ਵੀਆਈਪੀ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਹੀ ਪਾਰਕਿੰਗ ਬਣਾਈ ਗਈ ਹੈ। ਗੇਟ ਨੰਬਰ ਅੱਠ ਅਤੇ ਗੇਟ ਨੰਬਰ ਪੰਜ ਤੋਂ ਐਂਟਰੀ ਹੋਵੇਗੀ।
ਇਸ ਸ਼ੋਅ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ, ਪਿਛਲੇ ਕਈ ਦਿਨਾਂ ਤੋਂ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਸੀ। ਲੁਧਿਆਣਾ ਫਿਰੋਜ਼ਪੁਰ ਰੋਡ ਉਤੇ ਬਣੇ ਫਲਾਈ ਓਵਰ ਉਤੇ ਸਾਡੇ ਸਹਿਯੋਗੀ ਵੱਲੋਂ ਜਾਇਜ਼ਾ ਲਿਆ ਗਿਆ।
ਇਸ ਦੌਰਾਨ ਉਨ੍ਹਾਂ ਨੇ ਦੁਸਾਂਝ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਵੀ ਕੀਤੀ। ਕੁਝ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਟਿਕਟਾਂ ਤਾਂ ਨਹੀਂ ਮਿਲੀਆਂ, ਉਨ੍ਹਾਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਟਿਕਟਾਂ ਜਲਦੀ ਵਿਕ ਗਈਆਂ। ਉੱਥੇ ਹੀ ਇੱਕ ਦਿਲਜੀਤ ਦੀ ਫੈਨ ਔਰਤ ਨੇ ਦੱਸਿਆ ਕਿ ਉਹ ਬੈਂਗਲੌਰ ਤੋਂ ਕਿਸੇ ਦੋਸਤ ਦੇ ਵਿਆਹ ਦੇ ਵਿੱਚ ਲੁਧਿਆਣੇ ਆਈ ਹੈ, ਉਨ੍ਹਾਂ ਕਿਹਾ ਕਿ ਨਾਲ ਹੀ ਉਸ ਨੂੰ ਟਿਕਟ ਵੀ ਮਿਲ ਗਈਆਂ, ਕਾਫੀ ਮੁਸ਼ਕਿਲ ਦੇ ਨਾਲ ਉਸ ਦੇ ਕਿਸੇ ਦੋਸਤ ਵੱਲੋਂ ਟਿਕਟ ਮੁਹੱਈਆ ਕਰਵਾਈ ਗਈ ਹੈ, ਉਹ ਸ਼ਾਮ ਦੇ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ, ਉਨ੍ਹਾਂ ਕਿਹਾ ਕਿ ਉਹ ਹੁਣ ਤੋਂ ਆ ਕੇ ਇਹ ਵੇਖ ਰਹੀ ਹੈ ਕਿ ਕਿਸ ਤਰ੍ਹਾਂ ਦੀ ਸਟੇਜ ਲੱਗੀ ਹੈ।
ਉਲੇਖਯੋਗ ਹੈ ਕਿ ਅੱਜ ਲੁਧਿਆਣਾ ਦੇ ਵਿੱਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ 3500 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ ਰਹਿਣਗੇ, ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਟ੍ਰੈਫ਼ਿਕ ਲਈ ਇੰਤਜ਼ਾਮ ਵੀ ਕੀਤੇ ਗਏ ਹਨ, ਇਸ ਨੂੰ ਲੈ ਕੇ ਵੱਖ-ਵੱਖ ਪੁਲਿਸ ਵੱਲੋਂ ਰੂਟ ਡਾਈਵਰਟ ਪਲੈਨ ਵੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: