ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਚਰਚਿਤ ਅਤੇ ਸਫ਼ਲ ਜੋੜੀ ਵਜੋਂ ਆਪਣਾ ਸ਼ੁਮਾਰ ਕਰਵਾਉਣ ਵੱਲ ਅੱਗੇ ਵੱਧ ਰਹੇ ਹਨ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ, ਜੋ ਰਿਲੀਜ਼ ਹੋਣ ਜਾ ਰਹੀ ਆਪਣੀ ਫਿਲਮ 'ਸ਼ਾਯਰ' ਨਾਲ ਇੱਕ ਵਾਰ ਫਿਰ ਇਕੱਠਿਆਂ ਸਕਰੀਨ ਸ਼ੇਅਰ ਕਰਨ ਜਾ ਰਹੇ ਹਾਂ, ਜਿੰਨਾਂ ਦੀ ਬਹੁਤ ਜਲਦ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਇਸ ਬਹੁਚਰਚਿਤ ਫਿਲਮ ਦਾ ਇੱਕ ਹੋਰ ਵਿਸ਼ੇਸ਼ ਗਾਣਾ 'ਭੁੱਲੀਏ ਕਿਵੇਂ' ਅੱਜ ਜਾਰੀ ਹੋਣ ਜਾ ਰਿਹਾ ਹੈ।
'ਨੀਰੂ ਬਾਜਵਾ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਨਿਰਮਾਣ ਸੰਤੋਸ਼ ਸੁਭਾਸ਼ ਥਿਟੇ, ਲੇਖਨ ਜਗਦੀਪ ਵੜਿੰਗ ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਹੈ।
ਮੋਹਾਲੀ ਅਤੇ ਪੰਜਾਬ ਦੇ ਹੋਰਨਾਂ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਸੰਗੀਤਕ ਡ੍ਰਾਮੈਟਿਕ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨਾਂ ਤੋਂ ਇਲਾਵਾ ਯੋਗਰਾਜ ਸਿੰਘ, ਕੇਵਲ ਧਾਲੀਵਾਲ, ਬੰਟੀ ਬੈਂਸ, ਦੇਬੀ ਮਖਸੂਸਪੁਰੀ, ਸੁਖੀ ਚਾਹਲ, ਮਲਕੀਤ ਰੌਣੀ, ਰੁਪਿੰਦਰ ਰੂਪੀ ਆਦਿ ਜਿਹੇ ਮੰਨੇ-ਪ੍ਰਮੰਨੇ ਐਕਟਰਜ਼ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਭੂਮਿਕਾਵਾਂ ਵਿੱਚ ਹਨ।
ਸਦਾ ਬਹਾਰ ਅਤੇ ਸ਼ਾਯਰਾਨਾ ਸੰਗੀਤਕ ਰੰਗਾਂ ਅਧੀਨ ਸੰਜੋਈ ਗਈ ਇਸ ਉਮਦਾ ਫਿਲਮ ਦਾ ਸੰਗੀਤ ਬੀਟ ਮਨਿਸਟਰ, ਗੈਗ ਸਟੂਡੀਓਜ਼ ਅਤੇ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨਾਂ ਵੱਲੋਂ ਬੇਹੱਦ ਪ੍ਰਭਾਵੀ ਅਤੇ ਸੁਰੀਲੇ ਸੰਗੀਤ ਨਾਲ ਸਿਰਜੇ ਗਏ ਬਿਹਤਰੀਨ ਗਾਣਿਆਂ ਨੂੰ ਮਸ਼ਹੂਰ ਗੀਤਕਾਰਾਂ ਵੱਲੋਂ ਆਪਣੇ ਬੋਲ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਜੇਕਰ ਇਸ ਬਹੁ-ਚਰਚਿਤ ਫਿਲਮ ਦੇ ਹੋਰਨਾਂ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਦੇ ਸਹਿ ਨਿਰਮਾਤਾ ਉਪਕਾਰ ਸਿੰਘ, ਬੈਕਗਰਾਊਂਡ ਸਕੋਰਰ ਰਾਜੂ ਸਿੰਘ, ਕਾਸਟਿਊਮ ਡਿਜ਼ਾਈਨਰ ਨਤਾਸ਼ਾ ਭਠੇਜਾ, ਕਲਾ ਨਿਰਦੇਸ਼ਕ ਅਸ਼ੋਕ ਹਲਦਰ, ਕੋਰਿਓਗ੍ਰਾਫ਼ਰ ਅਰਵਿੰਦ ਠਾਕੁਰ, ਕਲਾ ਨਿਰਦੇਸ਼ਕ ਮਨਦੀਪ ਤੁਨੀਕ ਫਿਲਮਜ਼ ਅਤੇ ਸੰਪਾਦਕ ਭਰਤ ਐਸ ਰਾਵਤ ਹਨ।
ਓਮ ਜੀ ਫਿਲਮ ਡਿਸਟਰੀਬਿਊਸ਼ਨ ਵੱਲੋਂ 19 ਅਪ੍ਰੈਲ ਨੂੰ ਵਰਲਡ ਵਾਈਡ ਅਤੇ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੇ ਅੱਜ ਜਾਰੀ ਹੋਣ ਜਾ ਰਹੇ ਉਕਤ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਆਵਾਜ਼, ਬੋਲ ਅਤੇ ਕੰਪੋਜੀਸ਼ਨ ਸਿਰਜਣਾ ਸਤਿੰਦਰ ਸਰਤਾਜ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗੀਤ ਬੀਟ ਮਨਿਸਟਰ ਵੱਲੋਂ ਤਿਆਰ ਕੀਤਾ ਗਿਆ ਹੈ।
ਹਾਲ ਹੀ ਵਿੱਚ ਸਾਹਮਣੇ ਆਈ ਅਤੇ ਸੁਪਰ ਡੁਪਰ ਹਿੱਟ ਰਹੀ ਫਿਲਮ 'ਕਲੀ ਜੋਟਾ' ਨਾਲ ਸਿਨੇਮਾ ਗਲਿਆਰਿਆਂ ਵਿੱਚ ਛਾਅ ਜਾਣ ਵਾਲੀ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਇਹ ਲਗਾਤਾਰ ਦੂਸਰੀ ਫਿਲਮ ਹੈ, ਜਿੰਨਾਂ ਨੂੰ ਇੱਕ ਵਾਰ ਫਿਰ ਇਕੱਠਿਆਂ ਵੇਖਣ ਨੂੰ ਲੈ ਕੇ ਦਰਸ਼ਕਾਂ ਵਿੱਚ ਵੀ ਬੇਹੱਦ ਉਤਸੁਕਤਾ ਅਤੇ ਖਿੱਚ ਪਾਈ ਜਾ ਰਹੀ ਹੈ।