ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਮਜ਼ਬੂਤ ਪੈੜਾਂ ਸਥਾਪਿਤ ਕਰ ਚੁੱਕੇ ਹਨ ਗਾਇਕ ਸੱਜਣ ਅਦੀਬ ਅਤੇ ਗਾਇਕਾ ਮੰਨਤ ਨੂਰ, ਜੋ ਇਕੱਠਿਆਂ ਆਪਣਾ ਇੱਕ ਖਾਸ ਟਰੈਕ 'ਲਾਟਰੀ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੋਹਾਂ ਦੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਸੱਜਿਆ ਇਹ ਗਾਣਾ 11 ਜੂਨ ਨੂੰ ਵੱਖ-ਵੱਖ ਸੰਗੀਤਕ ਪਲੇਟਫਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
'ਸੱਜਣ ਅਦੀਬ ਅਤੇ ਲੱਕੀ ਲਸੋਈ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਬੀਟ ਸਾਂਗ ਨੂੰ ਆਵਾਜ਼ਾਂ ਸੱਜਣ ਅਦੀਬ ਅਤੇ ਮੰਨਤ ਨੂਰ ਵੱਲੋਂ ਦਿੱਤੀਆਂ ਗਈਆਂ ਹਨ ਜਦਕਿ ਇਸ ਦਾ ਸੰਗੀਤ ਜੀ ਗੁਰੂ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਗੀਤਕਾਰ ਬੱਬੂ ਬਰਾੜ ਵੱਲੋਂ ਬਹੁਤ ਹੀ ਨਿਵੇਕਲੇ ਰੂਪ ਵਿੱਚ ਰਚੇ ਗਏ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਇਸ ਦਾ ਖੂਬਸੂਰਤ ਮਿਊਜ਼ਿਕ ਵੀਡੀਓ ਵੀ ਅਹਿਮ ਭੂਮਿਕਾ ਨਿਭਾਉਵੇਗਾ, ਜੋ ਹਿਤੇਸ਼ ਅਰੋੜਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।
ਬੀਤੇ ਦਿਨੀਂ ਜਾਰੀ ਹੋਏ ਆਪਣੇ ਕਈ ਗਾਣਿਆਂ 'ਜੋੜੀ ਜੱਚਦੀ', 'ਮਿੱਠੇ ਬੋਲ', 'ਇੱਕੋ ਜਿਹੇ' ਨਾਲ ਸਰੋਤਿਆਂ ਅਤੇ ਦਰਸ਼ਕਾਂ ਦੇ ਮਨਾਂ ਵਿੱਚ ਛਾ ਜਾਣ ਵਿੱਚ ਪੂਰੀ ਤਰਾਂ ਸਫ਼ਲ ਰਹੇ ਹਨ ਗਾਇਕ ਸੱਜਣ ਅਦੀਬ, ਜਿੰਨ੍ਹਾਂ ਵੱਲੋਂ ਹਾਲੀਆ ਸਮੇਂ ਦੌਰਾਨ ਕੀਤੀਆਂ ਅਤੇ ਜਿੰਮੀ ਸ਼ੇਰਗਿੱਲ-ਕੁਲਰਾਜ ਰੰਧਾਵਾ ਸਟਾਰਰ ਪੰਜਾਬੀ ਫਿਲਮ 'ਤੂੰ ਹੋਵੇ ਮੈਂ ਹੋਵਾਂ' ਤੋਂ ਇਲਾਵਾ 'ਲਾਈਏ ਜੇ ਯਾਰੀਆਂ' ਨੇ ਉਨਾਂ ਦੇ ਕਰੀਅਰ ਨੂੰ ਮਜ਼ਬੂਤੀ ਦੇਣ ਅਤੇ ਪਹਿਚਾਣ ਅਤੇ ਦਾਇਰੇ ਨੂੰ ਵਿਸ਼ਾਲਤਾ ਦੇਣ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਓਧਰ ਜੇਕਰ ਗਾਇਕਾ ਮੰਨਤ ਨੂਰ ਦੀ ਗੱਲ ਕੀਤੀ ਜਾਵੇ ਤਾਂ 'ਲੌਂਗ ਲਾਚੀ' ਗਾਣੇ ਨਾਲ ਸਿਨੇਮਾ ਇਤਿਹਾਸ ਰਚਣ ਵਾਲੀ ਇਹ ਬਾਕਮਾਲ ਗਾਇਕਾ ਇੰਨੀਂ ਦਿਨੀਂ ਸਫਲਤਾ ਦੇ ਹੋਰ ਕਈ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਰਹੀ ਹੈ, ਜਿਸ ਵੱਲੋਂ ਗਾਏ ਬੇਸ਼ੁਮਾਰ ਗਾਣਿਆਂ ਨੇ ਸੰਗੀਤਕ ਅਤੇ ਸਿਨੇਮਾ ਖੇਤਰ ਵਿੱਚ ਤਰਥੱਲੀ ਮਚਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।
ਪੜਾਅ ਦਰ ਪੜਾਅ ਹੋਰ ਨਵੇਂ ਦਿਸਹਿਦੇ ਸਿਰਜ ਰਹੇ ਗਾਇਕ ਸੱਜਣ ਅਦੀਬ ਅਤੇ ਗਾਇਕ ਮੰਨਤ ਨੂਰ ਆਪਣੇ ਉਕਤ ਕਲੋਬਰੇਟ ਗਾਣੇ ਨੂੰ ਲੈ ਕੇ ਜਿੱਥੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਉੱਥੇ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਵੀ ਬੇਸਬਰੀ ਨਾਲ ਇਸ ਗਾਣੇ ਦੀ ਉਡੀਕ ਕੀਤੀ ਜਾ ਰਹੀ ਹੈ।