ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਚੋਖਾ ਨਾਮਣਾ ਖੱਟ ਰਹੀ ਗਾਇਕਾ ਰੁਪਿੰਦਰ ਹਾਂਡਾ ਜਿੱਥੇ ਇੱਕ ਬਿਹਤਰੀਨ ਗਾਇਕਾ ਵਜੋਂ ਜਾਣੀ ਜਾਂਦੀ ਹੈ, ਉੱਥੇ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਵੀ ਉਨਾਂ ਦਾ ਨਾਂਅ ਸੰਗੀਤਕ ਗਲਿਆਰਿਆਂ ਵਿੱਚ ਹਮੇਸ਼ਾ ਸੁਰਖ਼ੀਆਂ ਬਟੋਰ ਦਾ ਆ ਰਿਹਾ ਹੈ।
ਪਰ ਹਾਲ ਫ਼ਿਲਹਾਲ ਜਿਸ ਨੂੰ ਲੈ ਕੇ ਇਹ ਉਮਦਾ ਫਨਕਾਰਾਂ ਇੱਕ ਵਾਰ ਮੁੜ ਚਰਚਾ ਵਿੱਚ, ਉਸ ਦਾ ਕਾਰਨ ਹੈ ਉਨਾਂ ਦਾ ਸਾਹਮਣਾ ਆਉਣ ਜਾ ਰਿਹਾ ਨਵਾਂ ਗਾਣਾ 'ਤੇਰਾ ਕਿੰਨਾ ਕਰਦੀ ਆਂ', ਜੋ 24 ਮਾਰਚ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
'ਆਰਜੇ ਬੀਟਸ', 'ਰਾਮ ਭੋਗਪੁਰੀਆ' ਵੱਲੋਂ 'ਰੂਪਿਨ ਦੀ ਟੇਪ' ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਜਾਰੀ ਕੀਤੇ ਜਾ ਰਹੇ ਇਸ ਟਰੈਕ ਨੂੰ ਆਵਾਜ਼ ਰੁਪਿੰਦਰ ਹਾਂਡਾ ਨੇ ਦਿੱਤੀ ਹੈ, ਜਦਕਿ ਇਸ ਦੇ ਬੋਲ ਸੱਤਾ ਕੋਟਲੀ ਵਾਲਾ ਨੇ ਲਿਖੇ ਹਨ ਅਤੇ ਇਸਦਾ ਮਿਊਜ਼ਿਕ ਰੂਪਿਨ ਕਾਹਲੋਂ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨਾਂ ਦੀ ਟੀਮ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਪਿਆਰ ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦਾ ਇਹ ਟਰੈਕ ਬੇਹੱਦ ਮੋਲੋਡੀਅਸ ਸੰਗੀਤ ਸਾਂਚੇ ਅਧੀਨ ਪੇਸ਼ ਕੀਤਾ ਜਾ ਰਿਹਾ ਹੈ, ਜੋ ਗਾਇਕਾ ਰੁਪਿੰਦਰ ਹਾਂਡਾ ਦੇ ਕਰੀਅਰ ਨੂੰ ਇੱਕ ਹੋਰ ਉੱਚੀ ਪਰਵਾਜ਼ ਦੇਣ ਵਿੱਚ ਤਾਂ ਅਹਿਮ ਭੂਮਿਕਾ ਨਿਭਾਵੇਗਾ ਹੀ, ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਨਵੇਂ ਸੰਗੀਤਕ ਅਯਾਮ ਦੇਵੇਗਾ।
ਪੰਜਾਬ ਤੋਂ ਲੈ ਕੇ ਦੇਸ਼-ਵਿਦੇਸ਼ ਦੇ ਸੰਗੀਤਕ ਵਿਹੜਿਆਂ ਵਿੱਚ ਆਪਣੀ ਨਾਯਾਬ ਗਾਇਕੀ ਦਾ ਲੋਹਾ ਲਗਾਤਾਰ ਮੰਨਵਾ ਰਹੀ ਹੈ ਇਹ ਬਾਕਮਾਲ ਗਾਇਕਾ, ਜਿਸਦੇ ਜਾਰੀ ਹੋਣ ਜਾ ਰਹੇ ਉਕਤ ਗੀਤ ਦੇ ਸੀਨੀਅਰ ਕਾਰਜਕਾਰੀ ਨਿਰਮਾਤਾ ਪੁਰੀ ਸਾਹਬ, ਨਿਰਮਾਤਾ ਰਾਮ ਭੋਗਪੁਰੀਆਂ ਹਨ, ਜਿੰਨਾਂ ਅਨੁਸਾਰ ਬਹੁਤ ਹੀ ਮਨਮੋਹਕ ਸੰਗੀਤਬੱਧਤਾ ਅਧੀਨ ਸੰਜੋਏ ਗਏ ਇਸ ਟਰੈਕ ਨੂੰ ਸ਼ਾਨਮੱਤਾ ਰੂਪ ਦੇਣ ਵਿੱਚ ਸੰਗੀਤਕ ਖੇਤਰ ਦੀ ਵੱਡੀ ਅਤੇ ਸਤਿਕਾਰਿਤ ਹਸਤੀ ਮੰਨੇ ਜਾਂਦੇ ਬਾਬਾ ਕਮਲ ਵੱਲੋਂ ਵੀ ਅਹਿਮ ਯੋਗਦਾਨ ਦਿੱਤਾ ਗਿਆ ਹੈ, ਜਿਸ ਦੇ ਨਾਲ ਹੀ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਫਿਲਮਕਾਰ ਮੁਨੀਸ਼ ਸ਼ਰਮਾ ਦੁਆਰਾ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਸਾਲ 2006 ਵਿੱਚ ਆਪਣੇ ਸ਼ੁਰੂਆਤੀ ਗੀਤ 'ਮੇਰੇ ਹਾਣੀਆਂ' ਨਾਲ ਸੰਗੀਤਕ ਖਿੱਤੇ ਵਿੱਚ ਪ੍ਰਭਾਵੀ ਦਸਤਕ ਦੇਣ ਵਾਲੀ ਇਹ ਪ੍ਰਤਿਭਾਵਾਨ ਗਾਇਕਾ ਕਈ ਸੰਗੀਤਕ ਰਿਐਲਟੀ ਸ਼ੋਅਜ ਵਿੱਚ ਆਪਣੀ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਕਰਵਾ ਚੁੱਕੀ ਹੈ, ਜਿਸ ਵੱਲੋਂ ਗਾਏ ਬੇਸ਼ੁਮਾਰ ਗੀਤ ਅਪਾਰ ਮਕਬੂਲੀਅਤ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ, ਜਿੰਨਾ ਵਿੱਚ ਹਾਲੀਆਂ ਦਿਨੀਂ ਜਾਰੀ ਹੋਏ 'ਚਿੱਠੀਆਂ', 'ਡੋਲੀ 'ਆਦਿ ਜਿਹੇ ਭਾਵਨਾਤਮਕ ਗੀਤ ਵੀ ਸ਼ੁਮਾਰ ਰਹੇ ਹਨ।