ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਮੰਨੋਰੰਜਨ ਉਦਯੋਗ ਹੋਵੇ ਜਾਂ ਫਿਰ ਸਿਨੇਮਾ ਖਿੱਤਾ, ਹਰ ਜਗ੍ਹਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਅਤੇ ਉੱਤਮਤਾ ਦਾ ਇਜ਼ਹਾਰ ਕਰਵਾਉਣ ਵਿੱਚ ਕਾਮਯਾਬੀ ਹਾਸਿਲ ਕਰ ਰਹੇ ਹਨ ਅਦਾਕਾਰ ਰਾਹੁਲ ਦੇਵ, ਜੋ ਪੜਾਅ ਦਰ ਪੜਾਅ ਵੱਧਦੇ ਜਾ ਰਹੇ ਦਾਇਰੇ ਦੇ ਮੱਦੇਨਜ਼ਰ ਹੁਣ ਮਰਾਠੀ ਫਿਲਮਾਂ ਦਾ ਵੀ ਪ੍ਰਭਾਵੀ ਹਿੱਸਾ ਬਣਨ ਜਾ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੀ ਮਰਾਠੀ ਫਿਲਮ 'ਸ਼ਿਵਰਾਯਾਂਚਾ ਛਾਵਾ' ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਨਜ਼ਰੀ ਪੈਣਗੇ।
ਹਾਲ ਹੀ ਵਿੱਚ ਰਿਲੀਜ਼ ਹੋਈ ਅਪਣੀ ਬਹੁ-ਚਰਚਿਤ ਅਤੇ ਗਿੱਪੀ ਗਰੇਵਾਲ ਸਟਾਰਰ ਪੰਜਾਬੀ ਫਿਲਮ 'ਵਾਰਨਿੰਗ 2' ਨਾਲ ਵੀ ਇੰਨੀਂ ਦਿਨੀਂ ਅਪਾਰ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੇ ਹਨ ਇਹ ਸ਼ਾਨਦਾਰ ਅਦਾਕਾਰ, ਜਿੰਨਾਂ ਵੱਲੋਂ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ 'ਚ ਖਾਸੀ ਕਾਮਯਾਬੀ ਪ੍ਰਾਪਤ ਕਰ ਰਹੀ ਇਸ ਫਿਲਮ ਵਿੱਚ ਇੱਕ ਸਖਤ ਪੁਲਿਸ ਵਾਲੇ ਦੀ ਨਿਭਾਈ ਭੂਮਿਕਾ ਨੂੰ ਦਰਸ਼ਕਾਂ ਅਤੇ ਫਿਲਮ ਕ੍ਰਿਟਿਕ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੀ ਆਉਣ ਵਾਲੀ ਵੱਡੀ ਅਤੇ ਉਕਤ ਮਰਾਠੀ ਫਿਲਮ ਦਾ ਪਹਿਲਾਂ ਲੁੱਕ ਸ਼ੇਅਰ ਕਰਦਿਆਂ ਉਨਾਂ ਜਾਣਕਾਰੀ ਦਿੱਤੀ ਹੈ ਕਿ ਬਹੁਤ ਹੀ ਦਿਲਚਸਪ ਅਤੇ ਅਲਹਦਾ ਕੰਟੈਂਟ ਅਧਾਰਿਤ ਇਹ ਫਿਲਮ ਅਗਲੇ ਦਿਨੀਂ 16 ਫਰਵਰੀ 2024 ਨੂੰ ਵੱਡੇ ਪੱਧਰ ਉੱਪਰ ਰਿਲੀਜ਼ ਹੋਵੇਗੀ, ਜਿਸ ਵਿੱਚ ਉਹ ਸੂਬੇਦਾਰ ਕੱਕੜ ਖਾਨ ਦੀ ਭੂਮਿਕਾ ਵਿਚ ਨਜ਼ਰ ਅਉਣਗੇ।