ਚੰਡੀਗੜ੍ਹ: ਸਾਲ 1935 ਵਿੱਚ ਰਿਲੀਜ਼ ਹੋਈ ਅਤੇ ਕੇ.ਡੀ ਮਹਿਰਾ ਦੁਆਰਾ ਨਿਰਦੇਸ਼ਿਤ ਕੀਤੀ ਪਾਲੀਵੁੱਡ ਇਤਿਹਾਸ ਦੀ ਪਹਿਲੀ ਪੰਜਾਬੀ ਫਿਲਮ 'ਪਿੰਡ ਦੀ ਕੁੜੀ' ਨਾਲ ਆਗਾਜ਼ ਵੱਲ ਵਧੇ ਪੰਜਾਬੀ ਸਿਨੇਮਾ ਨੇ ਅੱਜ ਕਈ ਦਹਾਕਿਆਂ ਦਾ ਲੰਮੇਰਾ ਪੈਂਡਾ ਤੈਅ ਕਰ ਲਿਆ ਹੈ, ਪਰ ਸਾਲਾਂਬੱਧੀ ਦੇ ਹੰਢਾਂ ਲਏ ਗਏ ਇਸ ਸਫ਼ਰ ਦੇ ਬਾਵਜੂਦ ਪੁਰਾਤਨ ਸ਼ੈਲੀ ਨਾਲ ਬੱਧੀ ਸਿਰਜਣਾਤਮਕਤਾ ਹੁਣ ਵੀ ਇਸ ਉਤੇ ਪੂਰੀ ਤਰ੍ਹਾਂ ਹਾਵੀ ਨਜ਼ਰ ਆ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਗਲੋਬਲੀ ਅਧਾਰ ਕਾਇਮ ਕਰ ਲੈਣ ਦੇ ਬਾਵਜੂਦ ਇਸ ਸਿਨੇਮਾ ਵਿੱਚ ਇੰਟੀਮੇਟ ਸੀਨਜ਼ ਨੂੰ ਕੋਈ ਜਗ੍ਹਾਂ ਨਹੀਂ ਦਿੱਤੀ ਜਾ ਰਹੀ, ਜਿਸ ਸੰਬੰਧਤ ਹੀ ਸਾਹਮਣੇ ਆਈਆਂ ਕੁਝ ਪ੍ਰਤੀਕਿਰਿਆਵਾਂ ਵੱਲ ਆਓ ਕਰਦੇ ਹਾਂ ਵਿਸ਼ੇਸ਼ ਨਜ਼ਰਸਾਨੀ:
ਪੰਜਾਬੀ ਅਦਾਕਾਰ-ਅਦਾਕਾਰਾਂ ਆਰਾਮਦਾਇਕ ਮਹਿਸੂਸ ਨਹੀਂ ਕਰਦੇ ਇਸ ਪਾਸੇ ਆਉਣ ਵੱਲ: ਰਤਨ ਔਲਖ
ਅਦਾਕਾਰ ਰਤਨ ਔਲਖ ਨੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, "ਪੰਜਾਬੀ ਫਿਲਮ ਉਦਯੋਗ ਵਿੱਚ ਕੰਮ ਕਰਨ ਵਾਲੇ ਜਿਆਦਾਤਰ ਅਦਾਕਾਰ ਅਤੇ ਅਦਾਕਾਰਾਂ ਮੂਲ ਰੂਪ ਪੰਜਾਬੀ ਜਾਂ ਪੁਰਾਤਨ ਸੰਸਕਾਰਾਂ ਅਤੇ ਕਦਰਾਂ-ਕੀਮਤਾਂ ਨਾਲ ਡੂੰਘੇ ਰੂਪ ਵਿੱਚ ਜੁੜੇ ਅਜਿਹੇ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ, ਜੋ ਉਕਤ ਤਰ੍ਹਾਂ ਦੇ ਦ੍ਰਿਸ਼ ਵੇਖਣ ਵਿੱਚ ਸਹਿਜਤਾ ਜਾਂ ਚੰਗਾ ਮਹਿਸੂਸ ਨਹੀਂ ਕਰਦੇ, ਜਿਸ ਦੇ ਮੱਦੇਨਜ਼ਰ ਹੀ ਉੱਤਰੀ ਭਾਰਤ ਦੇ ਇਸ ਸਿਨੇਮਾ ਸੰਬੰਧਤ ਅਦਾਕਾਰ ਅਤੇ ਅਦਾਕਾਰਾਂ ਖਾਸ ਤੌਰ 'ਤੇ ਅਕਸਰ ਮਨਾਹੀ ਕਰਦੇ ਹਨ ਕਿ ਉਹ ਆਪਣੀਆਂ ਫਿਲਮਾਂ ਵਿੱਚ ਕੋਈ ਇੰਟੀਮੇਟ ਸੀਨ ਨਹੀਂ ਚਾਹੁੰਦੇ, ਕਿਉਂਕਿ ਇਸ ਨਾਲ ਪਰਿਵਾਰਿਕ ਦਰਸ਼ਕਾਂ ਦੇ ਖੁੱਸ ਜਾਣ ਦਾ ਡਰ ਵੀ ਉਨ੍ਹਾਂ ਨੂੰ ਬਣਿਆ ਰਹਿੰਦਾ ਹੈ, ਜਿੰਨ੍ਹਾਂ ਦੀ ਇਸ ਭਾਵਨਾ ਨੂੰ ਵੇਖਦਿਆਂ ਨਿਰਮਾਤਾ-ਨਿਰਦੇਸ਼ਕਾਂ ਵੱਲੋਂ ਵੀ ਇਸ ਪਾਸੇ ਵੱਲ ਕਿਨਾਰਾਕਸ਼ੀ ਕਰਨਾ ਹੀ ਬਿਹਤਰ ਸਮਝਿਆ ਜਾਂਦਾ ਹੈ।"

ਪਾਲੀਵੁੱਡ ਸਿਨੇਮਾ ਦਰਸ਼ਕ ਇਸ ਖੁੱਲ੍ਹ ਲਈ ਜ਼ਿਹਨੀ ਤੌਰ ਉਤੇ ਤਿਆਰ ਨਹੀਂ ਹਨ ਹਾਲੇ: ਸਪਨਾ ਬੱਸੀ
ਇਸ ਮਸਲੇ ਉਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਅਦਾਕਾਰਾ ਸਪਨਾ ਬੱਸੀ ਨੇ ਕਿਹਾ, "ਪੰਜਾਬ ਇੱਕ ਅਮੀਰ ਸੱਭਿਆਚਾਰ ਅਤੇ ਵਿਰਾਸਤ ਵਾਲਾ ਖੇਤਰ ਮੰਨਿਆ ਜਾਂਦਾ ਹੈ, ਜਿਸ ਸੰਬੰਧਤ ਭਾਈਚਾਰਾ ਕੁਝ ਖਾਸ ਸਿਧਾਂਤਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਦੀਆਂ ਇਸ ਦਿਸ਼ਾਂ ਵਿੱਚ ਅਪਣਾਈਆਂ ਜਾਂਦੀਆਂ ਭਾਵਨਾਵਾਂ ਤੋਂ ਇਨਕਾਰੀ ਹੋਣਾ ਪਾਲੀਵੁੱਡ ਲਈ ਦਰਸ਼ਕਾਂ ਦੀ ਦੂਰੀ ਦੇ ਰੂਪ ਵਿੱਚ ਮੁਸੀਬਤ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੇ ਕਈ ਅਜਿਹੇ ਵਰਗ ਵੀ ਹਨ, ਜੋ ਪੰਜਾਬੀ ਫਿਲਮਾਂ ਵਿੱਚ ਸੈਕਸ ਜਾਂ ਇੰਟੀਮੇਟ ਦ੍ਰਿਸ਼ਾਂ ਦੇ ਵਿਚਾਰ ਨਾਲ ਸਹਿਮਤ ਨਹੀਂ ਹਨ ਅਤੇ ਨਾਂ ਹੀ ਉਹ ਇਸ ਖੁੱਲ੍ਹ ਨੂੰ ਦੇਣ ਲਈ ਜ਼ਿਹਨੀ ਤੌਰ ਉਤੇ ਤਿਆਰ ਹਨ। ਸੋ ਅਜਿਹੀ ਸੂਰਤ ਵਿੱਚ ਕੋਈ ਵੀ ਕਲਾਕਾਰ ਇਸ ਦਿਸ਼ਾਂ ਵਿੱਚ ਲੀਕੋ ਹੱਟਣਾ ਗਵਾਰਾ ਨਹੀਂ ਕਰਦਾ।"

ਪਰਿਵਾਰਿਕ ਦਰਸ਼ਕਾਂ ਵੱਲੋਂ ਦੂਰੀ ਬਣਾ ਲਏ ਜਾਣ ਦਾ ਡਰ ਵੀ ਹੈ ਮੁੱਖ ਕਾਰਨ: ਪ੍ਰਮੋਦ ਪੱਬੀ
ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਪ੍ਰਮੋਦ ਪੱਬੀ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਹਿੰਦੇ ਹਨ, "ਪੰਜਾਬੀ ਸਿਨੇਮਾ ਦ੍ਰਿਸ਼ਾਂਵਲੀ 'ਚ ਇੰਟੀਮੇਟ ਸੀਨਜ਼ ਦੀ ਅਣਹੋਂਦ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਪੰਜਾਬੀ ਫਿਲਮਾਂ ਦੀ ਸਫ਼ਲਤਾ ਵਿੱਚ ਪਰਿਵਾਰਿਕ ਦਰਸ਼ਕ ਹੀ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ, ਜਿੰਨ੍ਹਾਂ ਵਿੱਚ ਬਹੁਤਾਤ ਹਮੇਸ਼ਾ ਔਰਤਾਂ ਦੀ ਰਹੀ ਹੈ, ਜੋ ਇੰਟੀਮੇਟ ਸੀਨਜ਼ ਨੂੰ ਪਰਿਵਾਰਿਕ ਮੈਂਬਰਾਂ ਖਾਸ ਕਰ ਬੱਚਿਆਂ ਦਰਮਿਆਨ ਵੇਖਣ ਤੋਂ ਝਿਜਕਦੀਆਂ ਹਨ ਅਤੇ ਇਹ ਵੀ ਇੱਕ ਮੁੱਖ ਕਾਰਨ ਹੈ ਕਿ ਇਸ ਵਰਗ ਦੇ ਦੂਰ ਹੋ ਜਾਣ ਦੇ ਡਰ ਖੁਣੋ ਵੀ ਨਿਰਮਾਤਾ, ਨਿਰਦੇਸ਼ਕਾਂ ਅਪਣੀਆਂ ਫਿਲਮਾਂ ਵਿੱਚ ਉਕਤ ਤਰ੍ਹਾਂ ਦੇ ਦ੍ਰਿਸ਼ ਸ਼ਾਮਿਲ ਕਰਨ ਤੋਂ ਟਾਲਾ ਵੱਟਣਾ ਹੀ ਜਿਆਦਾ ਮੁਨਾਸਿਬ ਸਮਝਦੇ ਹਨ।"
ਇਹ ਵੀ ਪੜ੍ਹੋ: