ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਗਾਇਕ ਪਰਮੀਸ਼ ਵਰਮਾ, ਜੋ ਹੁਣ ਓਟੀਟੀ ਡੈਬਿਊ ਲਈ ਤਿਆਰ ਹਨ, ਜਿੰਨ੍ਹਾਂ ਦੀ ਲੀਡਿੰਗ ਭੂਮਿਕਾ ਨਾਲ ਸਜੀ ਇਹ ਸੀਰੀਜ਼ ਜਲਦ ਓਟੀਟੀ ਉਤੇ ਸਟ੍ਰੀਮ ਹੋਣ ਜਾ ਰਹੀ ਹੈ।
'ਜਿਓ ਹੋਟਸਟਾਰ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਸਨਸਨੀ ਸੀਰੀਜ਼ ਵਿੱਚ ਮੁਹੰਮਦ ਜ਼ੀਸ਼ਾਨ ਅਯੂਬ, ਅਰੁਣੋਦਯ ਸਿੰਘ, ਰਣਵੀਰ ਸ਼ੋਰੀ, ਆਦਰ ਮਲਿਕ ਅਤੇ ਜੈਸਮੀਨ ਬਾਜਵਾ ਲੀਡਿੰਗ ਭੂਮਿਕਾਵਾਂ ਵਿੱਚ ਹਨ, ਜਿੰਨ੍ਹਾਂ ਨਾਲ ਹੀ ਕਾਫ਼ੀ ਮਹੱਤਵਪੂਰਨ ਰੋਲ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ, ਜੋ ਅਪਣੇ ਇਸ ਵੱਡੇ ਪ੍ਰੋਜੈਕਟ ਨੂੰ ਲੈ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਕੈਨੇਡਾ ਉੱਪਰ ਅਧਾਰਿਤ ਉਕਤ ਸੀਰੀਜ਼ ਵਿੱਚ ਕੈਨੇਡੀਅਨ ਖਿੱਤੇ ਵੱਧ ਰਹੇ ਵਿੱਚ ਪੰਜਾਬੀਆਂ ਦੇ ਜਾਇਜ਼ ਅਤੇ ਨਜਾਇਜ਼ ਗਲਬੇ ਦਾ ਵਰਣਨ ਬੇਹੱਦ ਦਿਲ-ਟੁੰਬਵੇਂ ਅਤੇ ਪ੍ਰਭਾਵੀ ਰੂਪ ਵਿੱਚ ਕੀਤਾ ਗਿਆ ਹੈ।
ਕ੍ਰਾਈਮ ਥ੍ਰਿਲਰ ਅਤੇ ਡ੍ਰਾਮੈਟਿਕ ਸੀਰੀਜ਼ ਵਜੋਂ ਵਜ਼ੂਦ ਵਿੱਚ ਲਿਆਂਦੀ ਗਈ ਅਤੇ 21 ਫ਼ਰਵਰੀ ਨੂੰ ਸਟ੍ਰੀਮ ਹੋਣ ਜਾ ਰਹੀ ਉਕਤ ਵੈੱਬ ਫਿਲਮ ਦੀ ਸਟੋਰੀ ਕੈਨੇਡਾ ਵਿਖੇ ਗਹਿਰਾਉਂਦੇ ਜਾ ਰਹੇ ਜ਼ੁਰਮ ਰੂਪੀ ਬੱਦਲਾਂ ਅਤੇ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤ ਵਿੱਚ ਲੈ ਰਹੇ ਗੈਂਗਸਟਰ ਸਿਸਟਮ ਦੁਆਲੇ ਕੇਂਦਰਿਤ ਹੈ, ਜਿਸ ਵਿੱਚ ਕਾਫ਼ੀ ਅਲਹਦਾ ਅਤੇ ਚੁਣੌਤੀਪੂਰਨ ਰੋਲ ਵਿੱਚ ਹਨ ਪਰਮੀਸ਼ ਵਰਮਾ, ਜਿੰਨ੍ਹਾਂ ਦੀ ਪਹਿਲੀ ਹਿੰਦੀ ਓਟੀਟੀ ਫਿਲਮ ਹੈ, ਜੋ ਕਿ ਬਹੁਤ ਹੀ ਵੱਡੇ ਸਕੇਲ ਉੱਪਰ ਫਿਲਮਾਈ ਗਈ ਹੈ।
ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਤਬਾਹ' ਵਿੱਚ ਨਜ਼ਰ ਆਏ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅਪਣੀ ਉਕਤ ਵੈੱਬ ਸੀਰੀਜ਼ ਵਿੱਚ ਬੇਹੱਦ ਪ੍ਰਭਾਵਪੂਰਨ ਰੋਲ ਵਿੱਚ ਹਨ, ਜੋ ਖਿਡਾਰੀ ਤੋਂ ਲੈ ਕੇ ਗੈਂਗਸਟਰ ਬਣਨ ਤੱਕ ਦੇ ਵੱਖ-ਵੱਖ ਸ਼ੇਡਜ਼ ਅਤੇ ਪੜਾਵਾਂ ਨੂੰ ਪ੍ਰਤੀਬਿੰਬ ਕਰਦੇ ਨਜ਼ਰੀ ਪੈਣਗੇ।
ਓਧਰ ਵਰਕਫਰੰਟ ਦੀ ਗੱਲ ਕਰੀਏ ਤਾਂ ਜਲਦੀ ਹੀ ਅਪਣੇ ਕੁਝ ਹੋਰ ਨਵੇਂ ਗਾਣੇ ਵੀ ਉਹ ਅਗਲੇ ਦਿਨਾਂ ਵਿੱਚ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨਗੇ, ਜਿਸ ਸੰਬੰਧਤ ਰਸਮੀ ਜਾਣਕਾਰੀ ਵੀ ਉਨ੍ਹਾਂ ਦੀ ਸੰਗੀਤਕ ਟੀਮ ਦੁਆਰਾ ਜਲਦ ਸਾਂਝੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: