ਫਰੀਦਕੋਟ: ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ 'ਡਿਊਟੀ' ਨਾਲ ਸੰਗ਼ੀਤਕ ਖੇਤਰ ਵਿੱਚ ਧਮਾਲ ਮਚਾ ਚੁੱਕੇ ਗਾਇਕ ਆਰ ਨੇਤ ਅਤੇ ਲਾਭ ਹੀਰਾ ਹੁਣ ਅਪਣਾ ਇੱਕ ਹੋਰ ਨਵਾਂ ਗਾਣਾ 'ਚੌਧਰ' ਲੈ ਕੇ ਸੰਗੀਤ ਪ੍ਰੇਮੀਆਂ ਸਨਮੁੱਖ ਹੋਣ ਜਾ ਰਹੇ ਹਨ। ਇਹ ਟ੍ਰੈਕ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮਾਂ 'ਤੇ ਜਾਰੀ ਹੋਵੇਗਾ। ਆਰ ਨੇਤ ਮਿਊਜ਼ਿਕ ਅਤੇ ਆਰਚੇਤ ਸ਼ਰਮਾਂ ਵੱਲੋ ਪ੍ਰਸਤੁਤ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਮਿਕਸ ਸਿੰਘ ਵੱਲੋ ਤਿਆਰ ਕੀਤਾ ਗਿਆ ਹੈ, ਜਦਕਿ ਇਸ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ ਅਤੇ ਕੰਪੋਜੀਸ਼ਨ ਆਰ ਨੇਤ ਵੱਲੋ ਕੀਤੀ ਗਈ ਹੈ।
ਸੰਗੀਤ ਪੇਸ਼ਕਰਤਾ ਵਿਰਵਿੰਦਰ ਸਿੰਘ ਕਾਕੂ ਵੱਲੋ ਸੰਯੋਜਿਤ ਕੀਤੇ ਗਏ ਅਤੇ ਸਤਕਰਨਵੀਰ ਸਿੰਘ ਖੋਸਾ ਦੀ ਸੁਚੱਜੀ ਰਹਿਨੁਮਾਈ ਹੇਠ ਵਜੂਦ ਵਿੱਚ ਲਿਆਂਦੇ ਗਏ ਇਸ ਸੰਗ਼ੀਤਕ ਪ੍ਰੋਜੋਕਟ ਦਾ ਮਿਊਜ਼ਿਕ ਵੀਡੀਓ ਬੇਹੱਦ ਪ੍ਰਭਾਵੀ ਰੂਪ ਵਿੱਚ ਸਾਹਮਣੇ ਲਿਆਂਦਾ ਜਾ ਰਿਹਾ ਹੈ। ਇਸਦਾ ਨਿਰਦੇਸ਼ਨ ਟ੍ਰਰਿਊ ਮੇਕਰਜ ਵੱਲੋ ਕੀਤਾ ਗਿਆ ਹੈ, ਜੋ ਸੰਗ਼ੀਤ ਦੀ ਦੁਨੀਆ ਵਿੱਚ ਵੱਡੇ ਅਤੇ ਸਫ਼ਲ ਨਾਮ ਵਜੋ ਜਾਣੇ ਜਾਂਦੇ ਹਨ।