ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਅਜਿਹੇ ਬਹੁਤ ਘੱਟ ਗਾਇਕ ਹਨ, ਜਿਨ੍ਹਾਂ ਦੀ ਸਾਫ਼-ਸੁਥਰੀ ਗਾਇਕੀ ਹੈ। ਇਹਨਾਂ ਵਿੱਚੋਂ ਹੀ ਗਾਇਕ ਰਣਜੀਤ ਬਾਵਾ ਸਭ ਤੋਂ ਮੋਹਰੀ ਹਨ, ਜੀ ਹਾਂ...ਆਪਣੀ ਸਦਾ ਬਹਾਰ ਗਾਇਕੀ ਲਈ ਜਾਣੇ ਜਾਂਦੇ ਗਾਇਕ ਰਣਜੀਤ ਨੇ ਹਾਲ ਹੀ ਵਿੱਚ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਗਾਇਕ ਨੇ ਖੁਦ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ।
ਆਪਣੇ ਘਰੇਲੂ ਸੰਗੀਤਕ ਲੇਬਲ 'ਰਣਜੀਤ ਬਾਵਾ' ਅਧੀਨ ਪੇਸ਼ ਕੀਤੇ ਜਾ ਰਹੇ ਇਸ ਗੀਤ ਵਿੱਚ ਮਰਹੂਮ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਵੀ ਨਜ਼ਰੀ ਪਏਗੀ। ਗੀਤ ਨੂੰ ਬਿਹਤਰੀਨ ਸ਼ਬਦਾਂਵਲੀ ਅਤੇ ਸਦਾ ਬਹਾਰ ਸੰਗੀਤ ਨਾਲ ਤਿਆਰ ਕੀਤਾ ਗਿਆ ਹੈ।
ਆਪਣੇ ਨਵੇਂ ਗੀਤ ਦਾ ਐਲਾਨ ਅਤੇ ਜਾਣਕਾਰੀ ਸਾਂਝੀ ਕਰਦੇ ਹੋਏ ਗਾਇਕ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ, 'ਮੰਗੇ ਕੋਈ ਆਪਣਾ ਕਹਿ ਜਿੰਦਗੀ ਨੂੰ ਵਾਰ ਦਈਏ, ਕੁੜਤੇ ਤੋਂ ਮਿੱਟੀ ਵਾਗੂੰ ਆਕੜ ਨੂੰ ਝਾੜ ਦਈਏ...ਇਹ ਗੀਤ ਹਰ ਇੱਕ ਇਨਸਾਨ ਨੂੰ ਦਿਲ ਅਤੇ ਰੂਹ ਤੋਂ ਨੱਚਣ ਲਾ ਦੇਵੇਗਾ।'
ਉਲੇਖਯੋਗ ਹੈ ਕਿ ਗਾਇਕੀ ਅਤੇ ਸਿਨੇਮਾ ਦੋਵਾਂ ਹੀ ਵਿੱਚ ਬਰਾਬਰ ਆਪਣੀਆਂ ਪੈੜਾਂ ਹੋਰ ਮਜ਼ਬੂਤ ਕਰਦੇ ਜਾ ਰਹੇ ਹਨ ਇਹ ਸ਼ਾਨਦਾਰ ਗਾਇਕ-ਅਦਾਕਾਰ ਰਣਜੀਤ ਬਾਵਾ। ਮਿਆਰੀ ਅਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਗਾਣਿਆਂ ਨੂੰ ਪ੍ਰਮੁੱਖਤਾ ਦੇ ਰਹੇ ਗਾਇਕ-ਅਦਾਕਾਰ ਰਣਜੀਤ ਬਾਵਾ ਦੇ ਹੁਣ ਤੱਕ ਦੇ ਗਾਇਕੀ ਕਰੀਅਰ ਵੱਲ ਨਜ਼ਰ ਘੁੰਮਾਈਏ ਤਾਂ ਇਸ ਗੱਲ ਦਾ ਅਹਿਸਾਸ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਥੋੜਾ ਪਰ ਚੰਗਾ ਗਾਉਣਾ ਪਸੰਦ ਕਰਦੇ ਹਨ ਇਹ ਬਾਕਮਾਲ ਗਾਇਕ, ਜਿੰਨ੍ਹਾਂ ਦੀ ਦਿਲਾਂ ਅਤੇ ਮਨਾਂ ਨੂੰ ਝਕਝੋਰਦੀ ਗਾਇਕੀ ਦਾ ਪ੍ਰਗਟਾਵਾ ਆਉਣ ਵਾਲੇ ਦਿਨਾਂ ਵਿੱਚ ਜਾਰੀ ਹੋਣ ਵਾਲੇ ਕਈ ਹੋਰ ਗਾਣੇ ਵੀ ਕਰਵਾਉਣਗੇ।