ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਜਸਬੀਰ ਜੱਸੀ ਦਾ ਨਾਂਅ ਅਜਿਹੇ ਮੂਹਰਲੀ ਕਤਾਰ ਗਾਇਕਾਂ ਵਿੱਚ ਸ਼ਾਮਿਲ ਹੈ, ਜੋ ਮਿਆਰੀ ਅਤੇ ਸੰਜੀਦਾ ਗਾਇਕੀ ਨੂੰ ਹੀ ਤਰਜ਼ੀਹ ਦੇਣਾ ਹਮੇਸ਼ਾ ਜਿਆਦਾ ਪਸੰਦ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਅਪਣਾਈ ਜਾ ਰਹੀ ਇਸੇ ਉਮਦਾ ਸੰਗੀਤਕ ਸੋਚ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਉਨ੍ਹਾਂ ਦਾ ਨਵਾਂ ਗਾਣਾ 'ਯਾਦ', ਜੋ 08 ਅਗਸਤ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦੀ ਸ਼ੋਭਾ ਵਧਾਉਣ ਜਾ ਰਿਹਾ ਹੈ।
'ਜੇਜੇ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਅਤੇ ਬੋਲ ਜਸਬੀਰ ਜੱਸੀ ਨੇ ਦਿੱਤੇ ਹਨ, ਜਦਕਿ ਇਸ ਦਾ ਸੰਗੀਤ ਜੈਰੀ ਸਿੰਘ, ਸਿੰਬਾ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ।
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਅਤੇ ਸੂਫੀਇਜ਼ਮ ਸੰਗੀਤ ਦੀ ਮਧੁਰਤਾ ਦਾ ਅਹਿਸਾਸ ਕਰਵਾਉਣ ਵਾਲੇ ਇਸ ਸਦਾ ਬਹਾਰ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਫਿਲਮਾਂਕਣ ਰਾਜਸਥਾਨ ਅਤੇ ਜੈਸਲਮੇਰ ਦੀਆਂ ਬਹੁਤ ਹੀ ਖੂਬਸੂਰਤ ਲੋਕੇਸ਼ਨਜ਼ ਉਪਰ ਕੀਤਾ ਗਿਆ ਹੈ।
ਪੁਰਾਤਨ ਸਾਜ਼ਾਂ ਅਤੇ ਫੋਕ ਗਾਇਕੀ ਦੀ ਸੁਮੇਲਤਾ ਅਧੀਨ ਸੰਜੋਏ ਗਏ ਉਕਤ ਗਾਣੇ ਦੇ ਮਿਊਜ਼ਿਕ ਵੀਡੀਓ ਨੂੰ ਕਾਫ਼ੀ ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਦਿਲਕਸ਼ ਅਤੇ ਪ੍ਰਤਿਭਾਵਾਨ ਮਾਡਲ ਅਤੇ ਅਦਾਕਾਰਾ ਸਰਹ ਸਰੀਫ਼ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਅੱਜਕੱਲ੍ਹ ਸੰਗੀਤਕ ਵੀਡੀਓ ਦੇ ਖੇਤਰ ਵਿੱਚ ਇੱਕ ਨਵੀਂ ਚਰਚਿਤ ਵਜੋਂ ਉਭਰ ਰਹੀ ਹੈ।
ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲ੍ਹਾਂ ਗੁਰਦਾਸਪੁਰ ਨਾਲ ਸੰਬੰਧਤ ਅਤੇ ਮਾਇਆ ਨਗਰੀ ਮੁੰਬਈ ਵਿਖੇ ਵਸੇਂਦਾ ਰੱਖਦੇ ਜਸਬੀਰ ਜੱਸੀ ਗਾਇਕ ਅਤੇ ਸੰਗੀਤ ਅਰੇਜਰ ਦੇ ਤੌਰ ਉਤੇ ਵੀ ਅੱਜਕੱਲ੍ਹ ਬਾਲੀਵੁੱਡ ਗਲਿਆਰਿਆਂ ਵਿੱਚ ਪੂਰੀ ਤਰ੍ਹਾਂ ਛਾਏ ਹੋਏ ਹਨ, ਜੋ ਹਰ ਵੱਡੇ ਫਿਲਮੀ ਸਮਾਰੋਹ ਵਿੱਚ ਵੱਧ ਚੜ੍ਹ ਕੇ ਆਪਣੀ ਉਪ-ਸਥਿਤੀ ਦਾ ਇਜ਼ਹਾਰ ਫਿਲਮੀ ਸ਼ਖਸੀਅਤਾਂ ਨਾਲ ਕਰਵਾ ਰਹੇ ਹਨ।
ਗਾਇਕੀ ਦੇ ਨਾਲ-ਨਾਲ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਵੀ ਬਤੌਰ ਪਲੇ ਬੈਕ ਗਾਇਕ ਅਤੇ ਅਦਾਕਾਰ ਸਮੇਂ ਦਰ ਸਮੇਂ ਆਪਣੀ ਪ੍ਰਭਾਵੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੇ ਗਾਇਕ ਜਸਬੀਰ ਜੱਸੀ, ਜਲਦ ਹੀ ਆਪਣੇ ਕੁਝ ਹੋਰ ਫਿਲਮੀ ਅਤੇ ਗੈਰ-ਫਿਲਮੀ ਗਾਣਿਆਂ ਨਾਲ ਵੀ ਦਰਸ਼ਕਾਂ ਅਤੇ ਸਰੋਤਿਆਂ ਦੇ ਸਨਮੁੱਖ ਹੋਣਗੇ।