ਚੰਡੀਗੜ੍ਹ: ਬੀਤੇ ਦਿਨ ਖੰਨਾ ਦੇ ਲਲਹੇੜੀ ਰੋਡ ਉਤੇ ਚੱਲ ਰਹੇ ਦੁਸਹਿਰਾ ਪ੍ਰੋਗਰਾਮ ਵਿੱਚ ਭਾਰੀ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਸ ਦੇ ਚੱਲਦੇ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਸ਼ੋਅ ਵਿੱਚ ਹੀ ਰੋਕਣਾ ਪਿਆ। ਇਸ ਦੌਰਾਨ ਇੱਕ ਕਿਸਾਨ ਦੀ ਪੱਗ ਲਹਿ ਜਾਣ ਦੀ ਖਬਰ ਵੀ ਸੁਣਨ ਨੂੰ ਮਿਲ ਰਹੀ ਹੈ।
ਕੀ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਇੱਕ ਕਿਸਾਨ ਅਤੇ ਉਸ ਦੇ ਪੁੱਤਰ ਨੂੰ ਸਟੇਜ 'ਤੇ ਜਾਣ ਤੋਂ ਰੋਕਿਆ ਗਿਆ। ਜਦੋਂ ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ਉਤੇ ਪ੍ਰੋਗਰਾਮ ਲੱਗਿਆ ਹੈ ਉਹ ਉਸ ਜ਼ਮੀਨ ਦੇ ਮਾਲਕ ਹਨ ਤਾਂ ਬਾਊਂਸਰਾਂ ਨੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਬਜ਼ੁਰਗ ਕਿਸਾਨ ਨੂੰ ਧੱਕਾ ਦਿੱਤਾ ਗਿਆ। ਜਦੋਂ ਉਸ ਬਜ਼ੁਰਗ ਕਿਸਾਨ ਦੇ ਪੁੱਤਰ ਨੇ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਕਿਸਾਨ ਦੀ ਪੱਗ ਲਹਿ ਜਾਣ ਤੋਂ ਬਾਅਦ ਉਸ ਦੇ ਪੁੱਤਰ ਸਮੇਤ ਉਸ ਨੂੰ ਜ਼ਮੀਨ 'ਤੇ ਧੱਕਾ ਦੇ ਦਿੱਤਾ ਗਿਆ।
ਲਾਈਵ ਸ਼ੋਅ ਵਿੱਚ ਹੋਏ ਹੰਗਾਮੇ ਦੀ ਵੀਡੀਓ (instagram) ਇਸ ਘਟਨਾ ਤੋਂ ਬਾਅਦ ਕਿਸਾਨ ਦੇ ਹੋਰ ਸਾਥੀਆਂ ਦੀ ਭੀੜ ਟ੍ਰੈਕਟਰ ਲੈ ਕੇ ਸਟੇਜ ਦੇ ਕੋਲ ਪਹੁੰਚ ਗਈ, ਜਿਸ ਤੋਂ ਬਾਅਦ ਗੁਲਾਬ ਸਿੱਧੂ ਨੂੰ ਸ਼ੋਅ ਵਿੱਚ ਹੀ ਰੋਕਣਾ ਪਿਆ। ਹਾਲਾਤ ਵਿਗੜਦੇ ਦੇਖ ਕੇ ਗੁਲਾਬ ਸਿੱਧੂ ਇੱਥੋਂ ਚੱਲੇ ਗਏ ਅਤੇ ਉਨ੍ਹਾਂ ਦੀਆਂ ਕਈ ਗੱਡੀਆਂ ਵੀ ਵਿੱਚ ਹੀ ਰੋਕ ਲਈਆਂ ਗਈਆਂ।
ਪੂਰੇ ਮਾਮਲੇ ਉਤੇ ਕੀ ਬੋਲੇ ਗਾਇਕ ਗੁਲਾਬ ਸਿੱਧੂ
ਗਾਇਕ ਗੁਲਾਬ ਸਿੱਧੂ ਦੀ ਇੰਸਟਾਗ੍ਰਾਮ ਸਟੋਰੀ (instagram) ਹੁਣ ਇਸ ਪੂਰੇ ਮਾਮਲੇ ਤੋਂ ਬਾਅਦ ਗਾਇਕ ਗੁਲਾਬ ਸਿੱਧੂ ਦਾ ਰਿਐਕਸ਼ਨ ਆਇਆ ਹੈ, ਉਨ੍ਹਾਂ ਨੇ ਇਸ ਸੰਬੰਧੀ ਸਟੋਰੀ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਅਤੇ ਲਿਖਿਆ, 'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ...ਕੱਲ੍ਹ ਰਾਤ ਜੋ ਵੀ ਹੋਇਆ ਬਹੁਤ ਗਲਤ ਹੋਇਆ ਮੈਂ ਬਾਪੂ ਜੀ ਨਾਲ ਹਾਂ ਥੋਡੇ, ਜਿਹੜੇ ਬੰਦੇ ਨੇ ਵੀ ਇਹ ਘਟੀਆ ਹਰਕਤ ਕੀਤੀ ਹੈ, ਉਸਨੂੰ ਮਾਫ਼ ਨਈ ਕਰਨਾ ਅਤੇ ਜੇ ਮੇਰੇ ਕਰਕੇ ਵੀ ਕਿਸੇ ਦਾ ਦਿਲ ਦੁਖੀ ਹੋਇਆ ਹੋਵੇ ਤਾਂ ਮੈਂ ਦਿਲ ਤੋਂ ਮਾਫ਼ੀ ਮੰਗਦਾ...।' ਤੁਹਾਨੂੰ ਦੱਸ ਦੇਈਏ ਕਿ ਕਿਸਾਨ ਅਤੇ ਉਸਦੇ ਪਰਿਵਾਰ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਬਾਊਂਸਰਾਂ ਖਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: