ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਹੀ ਹੈ ਪ੍ਰਤਿਭਾਵਾਨ ਅਤੇ ਚਰਚਿਤ ਗਾਇਕਾ ਬਾਣੀ ਸੰਧੂ, ਜੋ ਬਤੌਰ ਅਦਾਕਾਰਾ ਵੀ ਪਾਲੀਵੁੱਡ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਦੀ ਜਾ ਰਹੀ ਹੈ, ਜਿਸ ਦੇ ਦਿਨ-ਬ-ਦਿਨ ਹੋਰ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਡਾਕੂਆਂ ਦਾ ਮੁੰਡਾ 3', ਜੋ ਜਲਦ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
"ਡ੍ਰੀਮ ਰਿਐਲਟੀ ਮੂਵੀਜ਼" ਦੇ ਬੈਨਰ ਹੇਠ ਨਿਰਮਾਤਾ ਰਵਨੀਤ ਕੌਰ ਚਾਹਲ ਵੱਲੋਂ ਬਣਾਈ ਜਾ ਰਹੀ ਉਕਤ ਫਿਲਮ ਦਾ ਲੇਖਨ ਨਰਿੰਦਰ ਅੰਬਰਸਰੀਆ, ਜਦਕਿ ਨਿਰਦੇਸ਼ਨ ਹੈਪੀ ਰੋਡੇ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਹਾਲ ਹੀ ਵਿੱਚ ਨਿਰਦੇਸ਼ਿਤ ਕੀਤੀ ਪੰਜਾਬੀ ਫਿਲਮ 'ਰੋਡੇ ਕਾਲਜ' ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ।
ਪਾਲੀਵੁੱਡ ਦੀਆਂ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀਆਂ ਫਿਲਮਾਂ ਵਿੱਚ ਸ਼ੁਮਾਰ ਰਹੀਆਂ 'ਡਾਕੂਆਂ ਦਾ ਮੁੰਡਾ' ਅਤੇ 'ਡਾਕੂਆਂ ਦਾ ਮੁੰਡਾ 2' ਦੇ ਤੀਸਰੇ ਸੀਕਵਲ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਵਿੱਚ ਲੀਡ ਭੂਮਿਕਾ ਵਿੱਚ ਇੱਕ ਵਾਰ ਫਿਰ ਦੇਵ ਖਰੌੜ ਨਜ਼ਰ ਆਉਣਗੇ, ਜਿੰਨ੍ਹਾਂ ਦੇ ਨਾਲ ਹੀ ਮੇਨ ਲੀਡ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਅਦਾਕਾਰਾ ਬਾਣੀ ਸੰਧੂ, ਜੋ ਅਪਣੀ ਇਸ ਇੱਕ ਹੋਰ ਅਹਿਮ ਫਿਲਮ ਨੂੰ ਲੈ ਇੰਨੀ ਦਿਨੀਂ ਕਾਫ਼ੀ ਸੁਰਖੀਆਂ ਵਿੱਚ ਵੀ ਬਣੀ ਹੋਈ ਹੈ।