ਚੰਡੀਗੜ੍ਹ: ਪੰਜਾਬੀ ਗਾਇਕ ਅੰਮ੍ਰਿਤ ਮਾਨ ਆਪਣੀ ਸ਼ਾਨਦਾਰ ਗਾਇਕੀ ਦਾ ਇਜ਼ਹਾਰ ਅੱਜ ਬਾਲੀਵੁੱਡ ਗਲਿਆਰਿਆਂ ਵਿੱਚ ਬਰਾਬਰਤਾ ਨਾਲ ਕਰਵਾ ਰਿਹਾ ਹੈ, ਜਿੰਨ੍ਹਾਂ ਦੀ ਗਲੈਮਰ ਨਗਰੀ ਮੁੰਬਈ ਵਿੱਚ ਬੋਲ ਰਹੀ ਤੂਤੀ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਜਾਨਲੇਵਾ', ਜੋ ਇੱਕ ਵਾਰ ਮੁੜ ਬਾਲੀਵੁੱਡ ਅਤੇ ਪਾਲੀਵੁੱਡ ਸੁਮੇਲਤਾ ਦਾ ਖੂਬਸੂਰਤ ਮੰਜ਼ਰ ਕਰਵਾਏਗਾ। 'ਗੁਲਸ਼ਨ ਕੁਮਾਰ' ਅਤੇ 'ਟੀ-ਸੀਰੀਜ਼' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਬੀਟ ਸੋਂਗ ਦੇ ਪੇਸ਼ਕਰਤਾ ਭੂਸ਼ਣ ਕੁਮਾਰ ਹਨ, ਜਿੰਨ੍ਹਾਂ ਦੁਆਰਾ ਬੇਹੱਦ ਵੱਡੇ ਅਤੇ ਆਲੀਸ਼ਾਨ ਸਾਂਚੇ ਅਧੀਨ ਇਸ ਗਾਣੇ ਦਾ ਸੰਗੀਤਕ ਵਜ਼ੂਦ ਸਿਰਜਿਆ ਗਿਆ ਹੈ।
25 ਫ਼ਰਵਰੀ ਨੂੰ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਅੰਮ੍ਰਿਤ ਮਾਨ ਨੇ ਦਿੱਤੀ ਹੈ, ਜਦਕਿ ਸੰਗੀਤ ਮਕਸਰਕੀ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਬਿਹਤਰੀਨ ਸੰਗੀਤਬੱਧਤਾ ਦਾ ਇਜ਼ਹਾਰ ਕਰਵਾਉਂਦੇ ਇਸ ਗਾਣੇ ਦੇ ਬੋਲ ਵੀ ਅੰਮ੍ਰਿਤ ਮਾਨ ਨੇ ਖੁਦ ਰਚੇ ਹਨ, ਜੋ ਬੇਹੱਦ ਕਮਾਲ ਦੇ ਗੀਤਕਾਰ ਵੀ ਹਨ, ਜਿਸ ਦਾ ਪ੍ਰਗਟਾਵਾ ਉਨ੍ਹਾਂ ਦੇ ਲਿਖੇ ਅਤੇ ਨਾਮਵਰ ਗਾਇਕਾਂ ਵੱਲੋਂ ਗਾਏ ਬੇਸ਼ੁਮਾਰ ਗੀਤ ਭਲੀਭਾਂਤ ਕਰਵਾ ਚੁੱਕੇ ਹਨ।
ਮੁੰਬਈ ਦੇ ਅਤਿ ਆਧੁਨਿਕ ਸੰਗੀਤਕ ਸਟੂਡਿਓ ਵਿੱਚ ਰਿਕਾਰਡ ਕੀਤੇ ਗਏ ਉਕਤ ਗਾਏ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਬਾਲੀਵੁੱਡ ਦੀ ਅਦਾਕਾਰਾ ਅਮਾਇਰਾ ਦਸਤੂਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ, ਜਿੰਨ੍ਹਾਂ ਦੁਆਰਾ ਬਹੁਤ ਹੀ ਮਨਮੋਹਕਤਾ ਨਾਲ ਫੀਚਰਿੰਗ ਨੂੰ ਅੰਜ਼ਾਮ ਦਿੱਤਾ ਗਿਆ ਹੈ।