ਚੰਡੀਗੜ੍ਹ:ਪੰਜਾਬੀ ਸਿਨੇਮਾ ਸਟਾਰ ਗਿੱਪੀ ਗਰੇਵਾਲ ਦੇ ਘਰੇਲੂ ਹੋਮ ਪ੍ਰੋਡੋਕਸ਼ਨ ਵੱਲੋਂ ਬਣਾਈ ਗਈ ਅਤੇ ਬੀਤੇ ਦਿਨੀਂ ਵਰਲਡ-ਵਾਈਡ ਰਿਲੀਜ਼ ਹੋਈ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੇਸ਼-ਵਿਦੇਸ਼ ਵਿੱਚ ਸਫਲਤਾ ਅਤੇ ਸਲਾਹੁਤਾ ਹਾਸਲ ਕਰ ਰਹੀ ਹੈ, ਜੋ ਚੜ੍ਹਦੇ ਪੰਜਾਬ ਤੋਂ ਬਾਅਦ ਹੁਣ ਲਹਿੰਦੇ ਪੰਜਾਬ ਦੇ ਸਿਨੇਮਾਘਰਾਂ ਦਾ ਵੀ ਸ਼ਿੰਗਾਰ ਬਣਨ ਜਾ ਰਹੀ ਹੈ, ਜਿਸ ਨੂੰ ਅੱਜ ਪਾਕਿਸਤਾਨ ਵਿੱਚ ਵੱਡੇ ਪੱਧਰ ਉਤੇ ਰਿਲੀਜ਼ ਕੀਤਾ ਜਾ ਰਿਹਾ ਹੈ।
'ਸਾ-ਰੇ-ਗਾ-ਮਾ' ਅਤੇ 'ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰਜ਼' ਹੇਠ ਨਿਰਮਿਤ ਕੀਤੀ ਗਈ ਅਤੇ 'ਏ ਯੁਡਲੀ' ਫਿਲਮ ਦੇ ਸਹਿ ਨਿਰਮਾਣ ਸਾਹਮਣੇ ਆਈ ਉਕਤ ਫਿਲਮ ਚਾਰੇ ਪਾਸੇ ਤੋਂ ਤਾਰੀਫ਼ ਹਾਸਲ ਕਰ ਰਹੀ ਹੈ, ਜਿਸ ਦਾ ਨਿਰਦੇਸ਼ਨ ਅਮਰਪ੍ਰੀਤ ਜੀ ਐਸ ਛਾਬੜਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੀਆਂ ਦੋ ਹੋਰ ਬਹੁ-ਚਰਚਿਤ ਅਤੇ ਕਾਮਯਾਬ ਰਹੀਆਂ ਫਿਲਮਾਂ 'ਹਨੀਮੂਨ' ਅਤੇ 'ਹੈਪੀ ਗੋ ਲੱਕੀ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
'ਅਰਦਾਸ', 'ਅਰਦਾਸ ਕਰਾਂ', 'ਮਾਂ' ਤੋਂ ਬਾਅਦ ਗਿੱਪੀ ਗਰੇਵਾਲ ਦੇ ਸਿਨੇਮਾ ਵਜ਼ੂਦ ਅਤੇ ਪ੍ਰੋਡੋਕਸ਼ਨ ਹਾਊਸ ਨੂੰ ਹੋਰ ਮਾਣਮੱਤੇ ਆਯਾਮ ਦੇਣ ਵਾਲੀ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗਿੱਪੀ ਗਰੇਵਾਲ, ਉਨ੍ਹਾਂ ਦੇ ਹੋਣਹਾਰ ਬੇਟੇ ਸ਼ਿੰਦਾ ਗਰੇਵਾਲ ਤੋਂ ਇਲਾਵਾ ਹਿਨਾ ਖਾਨ, ਪ੍ਰਿੰਸ ਕੰਵਲਜੀਤ ਸਿੰਘ, ਨਿਰਮਲ ਰਿਸ਼ੀ, ਰਘੂਬੀਰ ਬੋਲੀ, ਹਰਦੀਪ ਗਿੱਲ, ਜਸਵਿੰਦਰ ਭੱਲਾ ਵੱਲੋਂ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ।
ਪਿਤਾ ਅਤੇ ਪੁੱਤਰ ਦੀ ਭਾਵਨਾਤਮਕ ਅਤੇ ਦਿਲ ਨੂੰ ਛੂਹ ਲੈਣ ਵਾਲੀ ਸੰਦੇਸ਼ਮਕ ਕਹਾਣੀ ਅਧਾਰਿਤ ਇਹ ਅਰਥ ਭਰਪੂਰ ਫਿਲਮ ਦੂਸਰੇ ਹਫਤੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ, ਜੋ ਮਿਲ ਰਹੀ ਮਾਊਥ ਪਬਲੀਸਿਟੀ ਨਾਲ ਬਾਕਿਸ ਆਫਿਸ ਉਪਰ ਅਪਣੀ ਪਕੜ ਹੌਲੀ-ਹੌਲੀ ਹੋਰ ਮਜ਼ਬੂਤ ਅਤੇ ਵਿਸ਼ਾਲ ਕਰਦੀ ਜਾ ਰਹੀ ਹੈ, ਨਤੀਜੇ ਵਜੋਂ ਹੀ ਪਾਕਿਸਤਾਨ ਵਿੱਚ ਵੀ ਇਹ ਬਹੁ-ਗਿਣਤੀ ਸਕ੍ਰੀਨ ਦਾ ਹਿੱਸਾ ਬਣਨ ਜਾ ਰਹੀ ਹੈ।
ਗਲੋਬਲੀ ਪੱਧਰ 'ਤੇ ਸ਼ਾਨਮੱਤੀਆਂ ਪ੍ਰਾਪਤੀਆਂ ਵੱਲ ਵੱਧ ਰਹੀ ਉਕਤ ਫਿਲਮ ਦੀ ਪਾਕਿਸਤਾਨ ਰਿਲੀਜ਼ ਨੂੰ ਲੈ ਕੇ ਗਿੱਪੀ ਗਰੇਵਾਲ ਵੀ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਾਂ, ਜਿੰਨ੍ਹਾਂ ਇਸ ਸੰਬੰਧੀ ਆਪਣੀਆਂ ਕੋਮਲ ਭਾਵਨਾਵਾਂ ਦਾ ਇਜ਼ਹਾਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਵੀ ਕੀਤਾ ਹੈ, ਜਿੰਨ੍ਹਾਂ ਅਨੁਸਾਰ ਲਹਿੰਦੇ ਪੰਜਾਬ ਦੇ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਜਿੰਨ੍ਹਾਂ ਦੀਆਂ ਆਸ਼ਾਵਾਂ ਨੂੰ ਪੂਰਾ ਕਰਦਿਆਂ ਲਾਹੌਰ, ਫੈਸ਼ਲਾਬਾਦ, ਗੁਜਰਾਂਵਾਲਾ, ਸਿਆਲਕੋਟ, ਸਾਹੀਵਾਲ, ਰਾਵਲਪਿੰਡੀ, ਇਸਲਾਮਾਬਾਦ ਸਮੇਤ ਪਾਕਿ ਨਾਲ ਸੰਬੰਧਤ ਤਕਰੀਬਨ ਸਾਰੇ ਵੱਡੇ ਸਿਨੇਮਾਘਰਾਂ ਵਿੱਚ ਇਹ ਫਿਲਮ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ।