ਚੰਡੀਗੜ੍ਹ:ਪੰਜਾਬੀ ਸਿਨੇਮਾ ਦੀਆਂ ਆਗਾਮੀ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀਆਂ ਬਹੁ-ਚਰਚਿਤ ਫਿਲਮਾਂ ਵਿੱਚੋਂ ਸਭ ਤੋਂ ਅਹਿਮ ਨਾਂਅ ਵਜੋਂ ਸਾਹਮਣੇ ਆਉਣ ਜਾ ਰਹੀ ਹੈ 'ਜੱਟ ਐਂਡ ਜੂਲੀਅਟ 3', ਜਿਸ ਦਾ ਦੂਜਾ ਗਾਣਾ 'ਜੇ ਮੈਂ ਰੱਬ ਹੁੰਦਾ' ਰਿਲੀਜ਼ ਲਈ ਤਿਆਰ ਹੈ, ਜੋ 31 ਮਈ ਨੂੰ ਵੱਖ-ਵੱਖ ਪਲੇਟਫ਼ਾਰਮ ਉਤੇ ਜਾਰੀ ਹੋਣ ਜਾ ਰਿਹਾ ਹੈ।
'ਵਾਈਟ ਹਿੱਲ ਸਟੂਡੀਓਜ਼' ਅਤੇ 'ਸਪੀਡ ਰਿਕਾਰਡਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ ਸਟੋਰੀ ਲਾਈਨ ਪ੍ਰੋਡੋਕਸ਼ਨ ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਜਗਦੀਪ ਸਿੱਧੂ ਵੱਲੋਂ ਕੀਤਾ ਗਿਆ ਹੈ, ਜੋ ਇੰਨੀਂ-ਦਿਨੀਂ ਪੰਜਾਬੀ ਸਿਨੇਮਾ ਦੇ ਉੱਚ-ਕੋਟੀ ਅਤੇ ਸਫ਼ਲ ਲੇਖਕਾਂ ਅਤੇ ਨਿਰਦੇਸ਼ਕਾਂ 'ਚ ਆਪਣਾ ਸ਼ੁਮਾਰ ਕਰਵਾ ਰਹੇ ਹਨ।
ਲੰਦਨ ਦੇ ਵੱਖ-ਵੱਖ ਹਿੱਸਿਆਂ ਦੇ ਨਾਲ ਪੰਜਾਬ ਵਿੱਚ ਫਿਲਮਾਈ ਗਈ ਉਕਤ ਕਾਮੇਡੀ-ਡਰਾਮਾ ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਜਸਵਿੰਦਰ ਭੱਲਾ, ਰਾਣਾ ਰਣਬੀਰ, ਬੀਐਨ ਸ਼ਰਮਾ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਮਸ਼ਹੂਰ ਅਤੇ ਆਹਲਾ ਅਦਾਕਾਰ ਅਕਰਮ ਉਦਾਸ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।
ਓਧਰ ਜੇਕਰ ਜਾਰੀ ਹੋਣ ਜਾ ਹੋਣ ਜਾ ਰਹੇ ਇਸ ਫਿਲਮ ਦੇ ਉਕਤ ਰੁਮਾਂਟਿਕ ਅਤੇ ਸਦਾ ਬਹਾਰ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਆਵਾਜ਼ ਸੁਰੀਲੇ ਫਨਕਾਰ ਬਿਲਾਲ ਸਇਅਦ ਨੇ ਦਿੱਤੀ ਹੈ, ਜਦਕਿ ਸ਼ਬਦ ਅਤੇ ਕੰਪੋਜੀਸ਼ਨ ਜਾਨੀ ਨੇ ਤਿਆਰ ਕੀਤੀ ਹੈ। ਪਿਆਰ, ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦੀ ਪਿਕਚਰਾਈਜੇਸ਼ਨ ਵੀ ਬੇਹੱਦ ਬਿਹਤਰੀਨ ਕੀਤੀ ਗਈ ਹੈ, ਜਿਸ ਦਾ ਮਨ ਨੂੰ ਛੂਹ ਲੈਣ ਵਾਲਾ ਸੰਗੀਤ ਬੰਨੀ ਵੱਲੋਂ ਤਿਆਰ ਕੀਤਾ ਗਿਆ ਹੈ।
ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਉਪਰ ਯੂਨਾਈਟਡ ਕਿੰਗਡਮ ਦੀਆਂ ਮਨਮੋਹਕ ਲੋਕੇਸ਼ਨਜ ਉਪਰ ਫਿਲਮਾਏ ਗਏ ਇਸ ਗਾਣੇ ਨੂੰ ਖੂਬਸੂਰਤ ਰੰਗ ਦੇਣ ਅਤੇ ਹੋਰ ਚਾਰ ਚੰਨ ਲਾਉਣ ਵਿੱਚ ਡਾਂਸ ਕੋਰਿਓਗ੍ਰਾਫ਼ਰ ਤੁਸ਼ਾਰ ਕਾਲਿਆ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਫਿਲਮਾਂ ਲਈ ਵੀ ਡਾਂਸ ਕੋਰੀਓਗ੍ਰਾਫਰੀ ਜਿੰਮੇਵਾਰੀਆਂ ਨੂੰ ਪ੍ਰਭਾਵੀ ਰੂਪ ਵਿੱਚ ਅੰਜ਼ਾਮ ਦੇ ਚੁੱਕੇ ਹਨ।
ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਇਹ ਫਿਲਮ ਇਸ ਸਾਲ ਸਾਹਮਣੇ ਆਉਣ ਜਾ ਰਹੀ ਦਿਲਜੀਤ ਦੁਸਾਂਝ ਦੀ ਪਹਿਲੀ ਪੰਜਾਬੀ ਫਿਲਮ ਹੋਵੇਗੀ, ਹਾਲਾਂਕਿ ਵੈਸੇ ਵੇਖਿਆ ਜਾਵੇ ਤਾਂ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਇਹ ਤੀਸਰੀ ਬਿੱਗ ਸੈਟਅੱਪ ਫਿਲਮ ਹੋਵੇਗੀ, ਜਿਸ ਤੋਂ ਪਹਿਲਾਂ ਉਨ੍ਹਾਂ ਦੀਆਂ ਦੋ ਹਿੰਦੀ ਫਿਲਮਾਂ 'ਚਮਕੀਲਾ' ਅਤੇ 'ਕਰੂ' ਵੀ ਦਰਸ਼ਕਾਂ ਦੇ ਸਨਮੁੱਖ ਹੋ ਚੁੱਕੀਆਂ ਹਨ।