ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਅਲਹਦਾ ਕੰਟੈਂਟ ਅਧੀਨ ਬਣਾਈਆਂ ਜਾ ਰਹੀਆਂ ਫਿਲਮਾਂ 'ਚ ਅਪਣਾ ਸ਼ੁਮਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਇੱਲਤੀ', ਜੋ ਅੱਜ ਸੈੱਟ 'ਤੇ ਪੁੱਜ ਗਈ ਹੈ, ਜਿਸ ਵਿੱਚ ਸ਼ਾਨਦਾਰ ਅਤੇ ਵਰਸਟਾਈਲ ਐਕਟਰ ਵਜੋਂ ਭੱਲ ਸਥਾਪਿਤ ਕਰ ਜਗਜੀਤ ਸੰਧੂ ਲੀਡ ਰੋਲ ਵਿੱਚ ਨਜ਼ਰ ਆਉਣਗੇ।
'ਗੀਤ ਐਮਪੀ3' ਅਤੇ 'ਜਗਜੀਤ ਸੰਧੂ ਫਿਲਮਜ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਕੇਵੀ ਢਿੱਲੋਂ ਅਤੇ ਜਗਜੀਤ ਸੰਧੂ ਹਨ, ਜਦਕਿ ਨਿਰਦੇਸ਼ਨ ਕਮਾਂਡ ਵਰਿੰਦਰ ਰਾਮਗੜ੍ਹੀਆ ਸੰਭਾਲਣਗੇ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਅਪਣੀ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨਗੇ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਇਸ ਦਿਲਚਸਪ ਅਤੇ ਡ੍ਰਾਮੈਟਿਕ ਫਿਲਮ ਵਿੱਚ ਅਦਾਕਾਰ ਜਗਜੀਤ ਸੰਧੂ ਕਾਫ਼ੀ ਅਲਹਦਾ ਅਤੇ ਅਜਿਹੇ ਕਿਰਦਾਰ ਵਿੱਚ ਨਜ਼ਰ ਆਉਣਗੇ, ਜਿਸ ਤਰ੍ਹਾਂ ਦਾ ਰੋਲ ਉਨ੍ਹਾਂ ਵੱਲੋਂ ਅਪਣੀ ਹਾਲੀਆ ਕਿਸੇ ਫਿਲਮ ਵਿੱਚ ਨਿਭਾਇਆ ਨਹੀਂ ਗਿਆ ਹੈ।
ਪਾਲੀਵੁੱਡ ਦੇ ਮਸ਼ਹੂਰ ਅਤੇ ਪ੍ਰਤਿਭਾਵਾਨ ਲੇਖਕ ਗੁਰਪ੍ਰੀਤ ਭੁੱਲਰ ਵੱਲੋਂ ਲਿਖੀ ਇਸ ਕਾਮੇਡੀ ਫਿਲਮ ਦਾ ਸਿਨੇਮਾਟੋਗ੍ਰਾਫ਼ਰੀ ਪੱਖ ਵੀ ਇਸ ਦਾ ਖਾਸ ਆਕਰਸ਼ਣ ਹੋਵੇਗਾ, ਜਿਸ ਦੀ ਜਿੰਮੇਵਾਰੀ ਨੂੰ ਸੁੱਖ ਕੰਬੋਜ ਅੰਜ਼ਾਮ ਦੇਣਗੇ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਹਿੰਦੀ, ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਨਾਲ ਜੁੜੇ ਰਹੇ ਹਨ।
ਆਦਿਵਾਸੀ ਕਾਲ ਤੋਂ ਲੈ ਕੇ ਮੌਜੂਦਾ ਆਧੁਨਿਕ ਦੌਰ ਤੱਕ ਮਨੁੱਖੀ ਜਾਮੇ ਦੇ ਵਿੱਚ ਹੋਏ ਬਦਲਾਵਾਂ ਨੂੰ ਪ੍ਰਭਾਵੀ ਵੀ ਰੂਪ ਵਿੱਚ ਪ੍ਰਤੀਬਿੰਬ ਕਰਨ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਤਾਨੀਆ, ਅਨੀਤਾ ਦੇਵਗਨ, ਧੀਰਜ ਕੁਮਾਰ, ਰੌਣਕ ਜੋਸ਼ੀ, ਰਘੂਬੀਰ ਬੋਲੀ ਵੀ ਸ਼ੁਮਾਰ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈ ਆਪਣੀ ਪੰਜਾਬੀ ਫਿਲਮ 'ਭੋਲੇ ਓਏ ਭੋਲੇ' ਨੂੰ ਲੈ ਕੇ ਕਾਫ਼ੀ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਅਦਾਕਾਰ ਜਗਜੀਤ ਸੰਧੂ, ਜੋ ਅਪਣੀ ਉਕਤ ਨਵੀਂ ਫਿਲਮ ਨਾਲ ਬਤੌਰ ਪ੍ਰੋਡਿਊਸਰ ਵੀ ਆਪਣੇ ਨਵੇਂ ਸਿਨੇਮਾ ਸਫ਼ਰ ਦਾ ਆਗਾਜ਼ ਕਰਨਗੇ, ਜਿਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਵੀ ਵਿਖਾਈ ਦੇ ਰਹੇ ਹਨ।