ਚੰਡੀਗੜ੍ਹ:ਹਾਲ ਹੀ ਵਿੱਚ ਰਿਲੀਜ਼ ਹੋਈ 'ਉੱਚਾ ਦਰ ਬਾਬੇ ਨਾਨਕ ਦਾ' ਸਮੇਤ ਕਈ ਬਿਹਤਰੀਨ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਤਰਨਵੀਰ ਸਿੰਘ ਜਗਪਾਲ, ਜਿੰਨ੍ਹਾਂ ਵੱਲੋਂ ਅੱਜ ਅਪਣੀ ਇੱਕ ਹੋਰ ਨਵੀਂ ਪੰਜਾਬੀ ਫੀਚਰ ਫਿਲਮ 'ਦੂਜਾ ਸ਼ਿਵ' ਦਾ ਐਲਾਨ ਕੀਤਾ ਗਿਆ ਹੈ, ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਅਰਾਓ ਪ੍ਰੋਡੋਕਸ਼ਨ' ਅਤੇ 'ਸਟੇਟ ਸਟੂਡਿਓਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਲੇਖਨ ਵੀਤ ਬਲਜੀਤ ਕਰਨਗੇ, ਜਦਕਿ ਸਿਨੇਮਾਟੋਗ੍ਰਾਫ਼ਰ ਪੱਖ ਸ਼ੋਇਬ ਸਿੱਦੀਕੀ ਸੰਭਾਲਣਗੇ, ਜੋ ਇਸ ਤੋਂ ਪਹਿਲਾਂ ਕਈ ਫਿਲਮਾਂ ਨੂੰ ਖੂਬਸੂਰਤ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖਿੱਤੇ ਵਿੱਚ ਫਿਲਮਾਈ ਜਾਣ ਵਾਲੀ ਇਸ ਅਰਥ-ਭਰਪੂਰ ਅਤੇ ਸੰਗੀਤਮਈ ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਤਿਆਰ ਕਰਨਗੇ, ਜੋ ਬਿਹਤਰੀਨ ਪੰਜਾਬੀ ਸੰਗੀਤਕਾਰ ਵਜੋਂ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜਿੰਨ੍ਹਾਂ ਵੱਲੋਂ ਕੰਪੋਜ਼ ਕੀਤੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।