ਚੰਡੀਗੜ੍ਹ:ਪੰਜਾਬੀ ਸਿਨੇਮਾ ਦੀ ਆਉਣ ਵਾਲੀ ਅਤੇ ਬਿਹਤਰੀਨ ਫਿਲਮਾਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੀ ਪੰਜਾਬੀ ਫਿਲਮ 'ਬੀਬੀ ਰਜਨੀ' ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਸ ਦਾ ਨਵਾਂ ਗਾਣਾ 'ਨਗਰੀ ਨਗਰੀ' ਅੱਜ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਬਾ-ਕਮਾਲ ਗਾਇਕਾ ਜਯੋਤੀ ਨੂਰਾਂ ਵੱਲੋਂ ਅਵਾਜ਼ ਦਿੱਤੀ ਗਈ ਹੈ।
'ਮੈਡ 4 ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਹ ਧਾਰਮਿਕ ਫਿਲਮ ਇੰਨੀਂ ਦਿਨੀਂ ਫਿਲਮੀ ਗਲਿਆਰਿਆਂ ਵਿੱਚ ਕਾਫ਼ੀ ਖਿੱਚ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਦਾ ਨਿਰਮਾਣ ਅਤੇ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਅਮਰ ਹੁੰਦਲ ਦੁਆਰਾ ਕੀਤਾ ਗਿਆ ਹੈ, ਜੋ ਅੱਜਕੱਲ੍ਹ ਪਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੇ ਹਨ।
ਆਗਾਮੀ 30 ਅਗਸਤ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਮਾਣਮੱਤੀ ਫਿਲਮ ਵਿੱਚ ਅਦਾਕਾਰਾ ਰੂਪੀ ਗਿੱਲ ਵੱਲੋਂ ਲੀਡ ਅਤੇ ਟਾਈਟਲ ਭੂਮਿਕਾ ਨਿਭਾਈ ਗਈ ਹੈ, ਜੋ ਇਸ ਇਤਿਹਾਸਕ ਫਿਲਮ ਦੁਆਰਾ ਪਹਿਲੀ ਵਾਰ ਆਫ-ਬੀਟ ਸਿਨੇਮਾ ਵਿੱਚ ਅਪਣੀ ਸ਼ਾਨਦਾਰ ਅਤੇ ਪ੍ਰਭਾਵੀ ਉਪ-ਸਥਿਤੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਹੀ ਹੈ, ਜਦਕਿ ਇਸ ਤੋਂ ਪਹਿਲਾਂ ਇਹ ਹੋਣਹਾਰ ਅਦਾਕਾਰਾ ਜਿਆਦਾਤਰ ਕਮਰਸ਼ਿਅਲ ਅਤੇ ਕਾਮੇਡੀ ਮਸਾਲਾ ਫਿਲਮਾਂ ਦਾ ਹਿੱਸਾ ਰਹੀ ਹੈ, ਜਿਸ ਦੀਆਂ ਹਾਲ ਹੀ ਵਿੱਚ ਸਾਹਮਣੇ ਆਈਆਂ ਫਿਲਮਾਂ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਸਟਾਰਰ 'ਜੱਟ ਨੂੰ ਚੁੜੈਲ ਟੱਕਰੀ' ਵੀ ਸ਼ਾਮਿਲ ਰਹੀ ਹੈ, ਜੋ ਟਿਕਟ ਖਿੜਕੀ ਉਤੇ ਕਾਫ਼ੀ ਕਾਰੋਬਾਰ ਕਰਨ ਵਿੱਚ ਵੀ ਸਫ਼ਲ ਰਹੀ ਹੈ।
ਓਧਰ ਇਸ ਬਹੁਤ ਚਰਚਿਤ ਫਿਲਮ ਦੇ ਰਿਲੀਜ਼ ਹੋਏ ਦਿਲ-ਟੁੰਬਵੇਂ ਅਤੇ ਪਿੰਕੀ ਧਾਲੀਵਾਲ ਵੱਲੋਂ ਪੇਸ਼ ਕੀਤੇ ਗਏ ਇਸ ਖੂਬਸੂਰਤ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਆਵਾਜ਼ ਨੂੰ ਜਯੋਤੀ ਨੂਰਾਂ ਵੱਲੋਂ ਦਿੱਤੀ ਗਈ ਹੈ, ਜਦ ਇਸ ਦਾ ਮਿਊਜ਼ਿਕ ਐਵੀ ਸਰਾਂ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਮਨਮੋਹਕ ਸੰਗੀਤ ਨਾਲ ਸੰਵਾਰੇ ਗਏ ਇਸ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਹਰਮਨਜੀਤ ਸਿੰਘ ਨੇ ਕੀਤੀ ਹੈ, ਜਿੰਨ੍ਹਾਂ ਦੇ ਇਸ ਗਾਣੇ ਵਿੱਚ ਇੱਕ ਨਿਮਾਣੀ ਔਰਤ ਵੱਲੋਂ ਵਾਹਿਗੁਰੂ ਪ੍ਰਤੀ ਰੱਖੀ ਜਾਣ ਵਾਲੀ ਆਸਥਾ ਦਾ ਵਰਣਨ ਬੇਹੱਦ ਭਾਵਨਾਤਮਕਤਾ ਪੂਰਵਕ ਕੀਤਾ ਗਿਆ ਹੈ।