70th National Film Awards: ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਪੁਰਸਕਾਰਾਂ ਵਿੱਚੋਂ ਇੱਕ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਸ਼ੁੱਕਰਵਾਰ (16 ਅਗਸਤ) ਨੂੰ ਐਲਾਨ ਕੀਤਾ ਗਿਆ। ਇਸ ਵਿੱਚ 2022 ਵਿੱਚ ਰਿਲੀਜ਼ ਹੋਈਆਂ ਫਿਲਮਾਂ ਲਈ ਪੁਰਸਕਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਰਿਸ਼ਭ ਸ਼ੈੱਟੀ ਕੰਨੜ ਫਿਲਮ 'ਕਾਂਤਾਰਾ' ਲਈ ਸਰਵੋਤਮ ਅਦਾਕਾਰ ਦੀ ਸ਼੍ਰੇਣੀ ਵਿੱਚ ਜੇਤੂ ਰਹੇ।
ਜੇਕਰ ਹਿੰਦੀ ਸਿਨੇਮਾ ਦੀ ਗੱਲ ਕਰੀਏ ਤਾਂ ਮਨੋਜ ਬਾਜਪਾਈ ਨੇ ਇੱਕ ਵਾਰ ਫਿਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਅਤੇ 'ਗੁਲਮੋਹਰ' ਲਈ ਖਾਸ ਪਹਿਚਾਣ ਬਣਾਈ। ਇਸ ਦੇ ਨਾਲ ਹੀ 'ਗੁਲਮੋਹਰ' ਨੂੰ ਸਰਵੋਤਮ ਹਿੰਦੀ ਫਿਲਮ ਐਲਾਨਿਆ ਗਿਆ। ਇਹ ਫਿਲਮ 2022 ਵਿੱਚ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਈ ਸੀ। ਫਿਲਮ 'ਚ ਸ਼ਰਮੀਲਾ ਟੈਗੋਰ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ।
ਪੰਜਾਬੀ ਸਿਨੇਮਾ ਦੀ ਕਿਹੜੀ ਫਿਲਮ ਨੇ ਹਾਸਿਲ ਕੀਤਾ ਰਾਸ਼ਟਰੀ ਪੁਰਸਕਾਰ: ਇਸ ਦੌਰਾਨ ਜੇਕਰ ਸਰਵੋਤਮ ਪੰਜਾਬੀ ਫਿਲਮ ਬਾਰੇ ਗੱਲ ਕਰੀਏ ਤਾਂ ਸਰਵੋਤਮ ਪੰਜਾਬੀ ਫਿਲਮ ਦਾ ਪੁਰਸਕਾਰ ਮੁਕੇਸ਼ ਗੌਤਮ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਪੰਜਾਬੀ ਫਿਲਮ 'ਬਾਗ਼ੀ ਦੀ ਧੀ' ਨੇ ਹਾਸਿਲ ਕੀਤਾ ਹੈ।
ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਯਾਮੀ ਗੌਤਮ ਦੇ ਪਿਤਾ ਮੁਕੇਸ਼ ਗੌਤਮ ਹੀ ਇਸ ਫਿਲਮ ਦੇ ਨਿਰਦੇਸ਼ਕ ਹਨ। 2022 ਵਿੱਚ ਰਿਲੀਜ਼ ਹੋਈ ਇਹ ਫਿਲਮ ਬਾਗ਼ੀਆਂ ਦੇ ਸੰਘਰਸ਼ ਉਤੇ ਆਧਾਰਿਤ ਹੈ। 'ਪੀਟੀਸੀ ਮੋਸ਼ਨ ਪਿਕਚਰਜ਼' ਨੇ ਇਸ ਫਿਲਮ ਨੂੰ ਪੇਸ਼ ਕੀਤਾ ਹੈ।
ਇਸ ਦੌਰਾਨ ਜੇਕਰ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਕੁਲਜਿੰਦਰ ਸਿੰਘ ਸਿੱਧੂ, ਦਿਲਨੂਰ ਕੌਰ, ਵਕਾਰ ਸ਼ੇਖ, ਨਰਜੀਤ ਸਿੰਘ, ਹਰਵਿੰਦਰ ਸਿੰਘ, ਵਿਕਰਮ ਚੌਹਾਨ, ਖੁਸ਼ਵਿੰਦਰ ਸਿੰਘ ਸੋਢੀ, ਦਿਲਰਾਜ ਉਦੈ, ਰਜਿੰਦਰ ਕੌਰ, ਗੁਰਪ੍ਰੀਤ ਭੰਗੂ, ਡਾ. ਆਰਪੀ ਸਿੰਘ, ਗੈਰੀ ਜੌਹਨ ਵਰਗੇ ਸ਼ਾਨਦਾਰ ਕਲਾਕਾਰਾਂ ਨੇ ਆਪਣੀ ਕਲਾ ਦਾ ਜੌਹਰ ਦਿਖਾਇਆ।