ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਬਹੁ-ਚਰਚਿਤ ਫਿਲਮ ਵਜੋਂ ਸਾਹਮਣੇ ਆਈ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' (ਅਪਣਾ ਅਰਸਤੂ) ਕੱਲ੍ਹ ਵਰਲਡ-ਵਾਈਡ ਰਿਲੀਜ਼ ਕਰ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਦਰਸ਼ਕਾਂ ਦੀ ਜੋ ਪ੍ਰਤੀਕਿਰਿਆ ਆਈ ਹੈ, ਆਓ ਉਸੇ ਵੱਲ ਕਰਦੇ ਹਾਂ ਵਿਸ਼ੇਸ਼ ਨਜ਼ਰਸਾਨੀ।
'ਓਮ ਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਹੈ। ਪਰਿਵਾਰਿਕ ਡਰਾਮਾ ਅਧਾਰਿਤ ਕਹਾਣੀ ਦੁਆਲੇ ਬੁਣੀ ਗਈ ਇਸ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਹਨ, ਜਿੰਨ੍ਹਾਂ ਦੁਆਰਾ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕੀਤੀ ਗਈ ਹੈ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤੀ ਗਈ ਇਹ ਫਿਲਮ ਅਪਣੇ ਕਈ ਖਾਸ ਪਹਿਲੂਆਂ ਨੂੰ ਲੈ ਕੇ ਫਿਲਮੀ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਣੀ ਰਹੀ ਹੈ, ਜਿਸ ਵਿੱਚ ਇੱਕ ਅਹਿਮ ਕਾਰਨ ਇਹ ਵੀ ਰਿਹਾ ਹੈ ਕਿ ਪੰਜਾਬੀ ਸਿਨੇਮਾ ਦੀ ਇਹ ਅਜਿਹੀ ਵਿਲੱਖਣ ਫਿਲਮ ਵੀ ਹੈ, ਜਿਸ ਵਿੱਚ 85 ਦੇ ਲਗਭਗ ਜਾਣੇ-ਪਛਾਣੇ ਅਤੇ ਪ੍ਰਤਿਭਾਵਾਨ ਕਲਾਕਾਰਾਂ ਵੱਲੋਂ ਕੰਮ ਕੀਤਾ ਗਿਆ ਹੈ, ਜਿੰਨ੍ਹਾਂ ਤੋਂ ਇਲਾਵਾ ਸਤਿੰਦਰ ਸਰਤਾਜ ਵੱਲੋਂ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਹੇਠ ਬਣਾਈ ਜਾ ਰਹੀ ਵੀ ਉਨ੍ਹਾਂ ਦੀ ਪਹਿਲੀ ਫਿਲਮ ਵੀ ਹੈ, ਜਿਸ ਨਾਲ ਉਹ ਅਪਣੇ ਹੋਮ ਪ੍ਰੋਡੋਕਸ਼ਨ ਦਾ ਸ਼ਾਨਦਾਰ ਆਗਾਜ਼ ਕਰ ਚੁੱਕੇ ਹਨ।