ਫਿਲਮ ਪਰੇਤਾ ਦੀ ਟੀਮ ਨਾਲ ਗੱਲਬਾਤ ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਪਹਿਲੀ ਡਾਰਕ ਜੋਨ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ 'ਪਰੇਤਾ' ਦੇ ਪਹਿਲੇ ਅਤੇ ਵਿਸ਼ੇਸ਼ ਸ਼ੈਡਿਊਲ ਦੀ ਸ਼ੂਟਿੰਗ ਮਾਲਵਾ ਦੇ ਵੱਖ-ਵੱਖ ਇਲਾਕਿਆਂ 'ਚ ਮੁਕੰਮਲ ਕਰ ਲਈ ਗਈ ਹੈ, ਜਿਸ ਦੁਆਰਾ ਸਾਊਥ ਅਤੇ ਪਾਲੀਵੁੱਡ ਦੇ ਬਿਹਤਰੀਨ ਅਦਾਕਾਰ ਵਜੋਂ ਸ਼ਾਨਦਾਰ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਵਿਸ਼ਾਲ ਕੌਸ਼ਿਕ ਬਤੌਰ ਨਿਰਦੇਸ਼ਕ ਅਪਣੀ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
'ਰੈਡਕ ਮੂਵੀਜ਼' ਦੇ ਬੈਨਰ ਬਣਨ ਜਾ ਰਹੀ ਉਕਤ ਬਹੁ-ਚਰਚਿਤ ਅਤੇ ਪਹਿਲੀ ਬਹੁ ਭਾਸ਼ਾਈ ਫਿਲਮ ਦੇ ਪਹਿਲੇ ਪੜਾਅ ਦਾ ਕੁਝ ਅਹਿਮ ਹਿੱਸਾ ਰਾਜਵਾੜਾਸ਼ਾਹੀ ਜਿਲੇ ਫਰੀਦਕੋਟ ਦੇ ਨੇੜਲੇ ਖੇਤਰ ਦੇ ਸੰਘਣੇ ਜੰਗਲ ਵਿੱਚ ਵੀ ਫਿਲਮਬੱਧ ਕੀਤਾ ਗਿਆ, ਜਿਸ ਦੌਰਾਨ ਇੱਥੇ ਖਾਸ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਗਿਆ।
ਹਾਲ ਹੀ ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਵੈੱਬ ਸੀਰੀਜ਼ 'ਪਿੰਡ ਚੱਕਾਂ ਦੇ ਸ਼ਿਕਾਰੀ ਭਾਗ 2' ਅਤੇ ਪੰਜਾਬੀ ਫਿਲਮ 'ਚੌਬਰ' ਦਾ ਪ੍ਰਭਾਵਸ਼ਾਲੀ ਹਿੱਸਾ ਰਹੇ ਹਨ ਅਦਾਕਾਰ ਵਿਸ਼ਾਲ ਕੌਸ਼ਿਕ, ਜਿੰਨਾਂ ਉਕਤ ਮੌਕੇ ਈਟੀਵੀ ਭਾਰਤ ਨਾਲ ਉਚੇਚੇ ਤੌਰ 'ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਆਪਣੀ ਪਹਿਲੀ ਡਾਇਰੈਕਟਰੋਰੀਅਲ ਫਿਲਮ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟਾਵਾ ਕੀਤਾ।
ਉਨਾਂ ਦੱਸਿਆ ਕਿ ਨਿਰਦੇਸ਼ਨ ਵਿੱਚ ਉਨਾਂ ਦੀ ਰੁਚੀ ਪਿਛਲੇ ਕਾਫ਼ੀ ਸਮੇਂ ਤੋਂ ਰਹੀ ਹੈ, ਪਰ ਉਹ ਪੂਰੀ ਪਰਪੱਕਤਾ ਬਾਅਦ ਹੀ ਇਸ ਖੇਤਰ ਵਿੱਚ ਆਮਦ ਕਰਨ ਜਾ ਰਹੇ ਹਨ, ਜਿਸ ਤੋਂ ਪਹਿਲਾਂ ਉਨਾਂ ਕਈ ਫਿਲਮਾਂ ਨੂੰ ਬਤੌਰ ਕ੍ਰਿਏਟਿਵ ਅਤੇ ਕਾਰਜਕਾਰੀ ਨਿਰਮਾਤਾ ਪ੍ਰਭਾਵੀ ਮੁਹਾਂਦਰਾ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿੰਨਾਂ ਵਿੱਚ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਬੱਲੇ ਓ ਚਲਾਕ ਸੱਜਣਾ' ਵੀ ਸ਼ਾਮਿਲ ਰਹੀ ਹੈ।
ਹਿੰਦੀ ਸਿਨੇਮਾ ਦੇ ਮੰਨੇ ਪ੍ਰਮੰਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਦਾ ਸਿਨੇਮਾ ਪਸੰਦ ਕਰਨ ਵਾਲੇ ਇਸ ਬਹੁ-ਆਯਾਮੀ ਅਦਾਕਾਰ ਅਤੇ ਨਿਰਦੇਸ਼ਕ ਨੇ ਕਿਹਾ ਕਿ ਫਿਲਮਕਾਰ ਦੇ ਰੂਪ ਵਿੱਚ ਉਨਾਂ ਦੀ ਤਮੰਨਾ ਅਜਿਹੀਆਂ ਆਫ ਬੀਟ ਅਤੇ ਹੈਰਾਨੀਜਨਕ ਫਿਲਮਾਂ ਸਾਹਮਣੇ ਲਿਆਉਣ ਦੀ ਹੈ, ਜਿੰਨਾਂ ਨੂੰ ਵੇਖਦਿਆਂ ਦਰਸ਼ਕਾਂ ਦਾ ਧਿਆਨ ਇੱਕ ਪਲ ਵੀ ਸਕਰੀਨ ਤੋਂ ਲਾਂਭੇ ਨਾ ਹੋਵੇ ਅਤੇ ਅਜਿਹੀ ਹੀ ਦਿਲ ਵਲੂੰਧਰਦੀ ਸਿਰਜਨਾਤਮਕਤਾ ਦਾ ਅਹਿਸਾਸ ਕਰਵਾਉਣ ਜਾ ਰਹੀ ਉਨਾਂ ਦੀ ਇਹ ਸਸਪੈਂਸ-ਥ੍ਰਿਲਰ-ਡਰਾਮਾ ਫਿਲਮ, ਜਿਸ ਦਾ ਇੱਕ ਬਹੁਤ ਖਾਸ ਸੀਕਵਲ ਹਿੱਸਾ ਇਸ ਜੰਗਲ ਵਿੱਚ ਲਗਾਏ ਗਏ ਵਿਸ਼ਾਲ ਸੈੱਟਸ ਉਪਰ ਸ਼ੂਟ ਕੀਤਾ ਜਾ ਰਿਹਾ ਹੈ।
ਉਕਤ ਮੌਕੇ ਫਿਲਮ ਦੇ ਕ੍ਰਿਏਟਿਵ ਨਿਰਦੇਸ਼ਕ ਅਤੇ ਪਾਲੀਵੁੱਡ ਦੇ ਉਮਦਾ ਐਕਟਰਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਗੁਰਪ੍ਰੀਤ ਤੋਤੀ ਨੇ ਵੀ ਇਸ ਫਿਲਮ ਦੇ ਕਈ ਅਹਿਮ ਪਹਿਲੂਆਂ ਬਾਰੇ ਵਿਸਥਾਰਕ ਜਾਣਕਾਰੀ ਸਾਂਝੀ ਕੀਤੀ।
ਉਨਾਂ ਦੱਸਿਆ ਕਿ ਪੰਜਾਬੀ ਸਿਨੇਮਾ ਖੇਤਰ ਨੂੰ ਹੋਰ ਨਵੀਨ ਕੰਟੈਂਟ ਸੰਭਾਵਨਾਵਾਂ ਨਾਲ ਅੋਤ ਪੋਤ ਕਰਨ ਜਾ ਰਹੀ ਇਸ ਫਿਲਮ ਵਿੱਚ ਅਦਾਕਾਰ ਮਿੰਟੂ ਕਾਪਾ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਕਈ ਨਵੇਂ ਅਤੇ ਮੰਝੇ ਹੋਏ ਚਿਹਰੇ ਵੀ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।