ਚੰਡੀਗੜ੍ਹ: ਪੰਜਾਬੀ ਗਾਇਕੀ ਵਿੱਚ ਚਰਚਿਤ ਨਾਂਅ ਵਜੋਂ ਤੇਜ਼ੀ ਨਾਲ ਆਪਣੇ ਵਜੂਦ ਦਾ ਸ਼ਾਨਮੱਤਾ ਇਜ਼ਹਾਰ ਕਰਵਾਉਣ ਵੱਲ ਵੱਧ ਰਿਹਾ ਹੈ ਨੌਜਵਾਨ ਗਾਇਕ ਧੀਰਾ ਗਿੱਲ, ਜੋ ਆਪਣਾ ਨਵਾਂ ਟਰੈਕ 'ਡਾਕੂ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਿਹਾ ਹੈ, ਜਿਸ ਨੂੰ ਉਨਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫਾਰਮ ਉੱਪਰ ਜਾਰੀ ਕੀਤਾ ਜਾਵੇਗਾ।
'ਚਿਮਟਾ ਰਿਕਾਰਡਜ਼' ਦੇ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਇਸ ਟਰੈਕ ਨੂੰ 'ਹਾਲੇ ਜੱਟ ਚੱਲਦਾ ਏ ਸਾਧ ਵਾਂਗਰਾਂ, ਲੋੜ ਪਈ ਤਾਂ ਡਾਕੂ ਬਣਿਆ ਈ ਲਓ' ਦੀ ਦਿਲਚਸਪ ਟੈਗਲਾਈਨ ਅਧੀਨ ਸੰਗੀਤ ਮਾਰਕੀਟ ਵਿੱਚ ਉਤਾਰਿਆ ਜਾ ਰਿਹਾ, ਜਿਸ ਦੇ ਬੋਲ ਅਤੇ ਕੰਪੋਜੀਸ਼ਨ ਮਸ਼ਹੂਰ ਪੰਜਾਬੀ ਸਿਨੇਮਾ ਨਿਰਦੇਸ਼ਕ ਸਿਮਰਜੀਤ ਸਿੰਘ ਹੁੰਦਲ ਦੇ ਹਨ, ਜਦਕਿ ਇਸਦਾ ਦਿਲਾਂ ਅਤੇ ਮਨਾਂ ਨੂੰ ਝਕਝੋਰਦਾ ਮਿਊਜ਼ਿਕ ਐਂਡ ਗੇਮ ਮੂਜਿਕ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨਾ ਅਨੁਸਾਰ ਮੌਜੂਦਾ ਸੰਗੀਤਕ ਸਾਂਚੇ ਅਤੇ ਟ੍ਰੈਂਡ ਤੋਂ ਇਕਦਮ ਅਲਹਦਾ ਹੱਟ ਕੇ ਸਿਰਜਿਆ ਗਿਆ ਹੈ ਇਹ ਗਾਣਾ, ਜਿਸ ਵਿੱਚ ਪੁਰਾਤਨ ਅਤੇ ਆਧੁਨਿਕ ਦੋਨੋਂ ਸੁਮੇਲ ਸੁਣਨ ਅਤੇ ਵੇਖਣ ਨੂੰ ਮਿਲਣਗੇ।
ਪੰਜਾਬੀ ਸੰਗੀਤਕ ਗਲਿਆਰਿਆਂ ਵਿੱਚ ਵਿਲੱਖਣਤਾ ਭਰੇ ਆਪਣੇ ਮੁਹਾਂਦਰੇ ਦੇ ਚੱਲਦਿਆਂ ਚਰਚਾ ਦਾ ਵਿਸ਼ਾ ਅਤੇ ਖਿੱਚ ਦਾ ਕੇਂਦਰ ਬਣਦੇ ਜਾ ਰਹੇ ਇਸ ਗਾਣੇ ਨੂੰ ਲੈ ਕੇ ਇਸਦੇ ਬੋਲ ਅਤੇ ਸੰਗੀਤ ਸੰਯੋਜਕਕਰਤਾ ਸਿਮਰਜੀਤ ਸਿੰਘ ਹੁੰਦਲ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨਾਂ ਇਸੇ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਅਮੂਮਨ ਡਾਕੂ ਨਾਂਹ ਪੱਖੀ ਸਮਾਜਿਕ ਵਰਤਾਰੇ ਦਾ ਹਿੱਸਾ ਮੰਨੇ ਜਾਂਦੇ ਹਨ, ਜਦਕਿ ਅਸਲ ਵਿੱਚ ਇੰਨਾਂ ਦੇ ਪਿੱਛੇ ਕਈ ਕਾਰਕ ਅਜਿਹੇ ਹਨ, ਜਿੰਨਾਂ ਤੋਂ ਬਹੁਤੇ ਲੋਕ ਖਾਸ ਕਰ ਨੌਜਵਾਨ ਪੀੜੀ ਅਣਜਾਨ ਹੈ, ਜਿੰਨਾਂ ਨੂੰ ਡਾਕੂ ਬਣਨ ਵਾਲਿਆਂ ਦੇ ਪਿੱਛੇ ਛਿਪੇ ਉਨਾਂ ਅਹਿਮ ਕਾਰਨਾਂ ਤੋਂ ਜਾਣੂੰ ਵੀ ਕਰਵਾਏਗਾ ਇਹ ਗਾਣਾ, ਜੋ ਉਹਨਾਂ ਨੂੰ ਡਾਕੂ ਬਣਾਉਣ ਲਈ ਸਬੱਬਕਾਰ ਸਾਬਿਤ ਹੁੰਦੇ ਹਨ।
ਉਨਾਂ ਅੱਗੇ ਕਿਹਾ ਕਿ ਸਮਾਜ ਦੀਆਂ ਕਈ ਤਲਖਾਂ ਹਕੀਕਤਾਂ ਨੂੰ ਬਿਆਨ ਕਰਦੇ ਅਤੇ ਉਨਾਂ ਦੇ ਲਿਖੇ ਇਸ ਪ੍ਰਭਾਵੀ ਗੀਤ ਨੂੰ ਪ੍ਰਤਿਭਾਸ਼ਾਲੀ ਗਾਇਕ ਧੀਰਾ ਗਿੱਲ ਨੇ ਬਹੁਤ ਹੀ ਕੁਸ਼ਲਤਾਪੂਰਵਕ ਅਤੇ ਉਮਦਾ ਅੰਦਾਜ਼ ਵਿੱਚ ਗਾਇਆ ਹੈ, ਜਿਸ ਦਾ ਮਿਊਜ਼ਿਕ ਵੀਡੀਓ ਵੀ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ, ਜਿਸਨੂੰ ਮਨਮੋਹਕ ਅੰਦਾਜ਼ ਵਿੱਚ ਫਿਲਮਾਇਆ ਗਿਆ ਹੈ।
ਪੰਜਾਬ ਦੇ ਮਾਂਝਾ ਖਿੱਤੇ ਵਿੱਚ ਆਉਂਦੇ ਜ਼ਿਲਾ ਤਰਨਤਾਰਨ ਲਾਗਲੇ ਪਿੰਡ ਦੁਬਲੀ ਨਾਲ ਸੰਬੰਧਤ ਗਾਇਕ ਧੀਰਾ ਗਿੱਲ ਬਹੁਤ ਥੋੜੇ ਜਿਹੇ ਸਮੇਂ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਅਪਣੀ ਵਿਲੱਖਣ ਧਾਂਕ ਜਮਾਉਣ ਵਿੱਚ ਸਫਲ ਰਹੇ ਹਨ, ਜਿੰਨਾਂ ਦੇ ਹਿੱਟ ਰਹੇ ਗੀਤਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਬ੍ਰਾਂਡ', 'ਫਰਾਰ', 'ਗੇਮ' 'ਪੱਕੇ ਢੀਠ', 'ਜਿੰਮੀਦਾਰ', 'ਚਿੱਠੀਆਂ' ਆਦਿ ਸ਼ੁਮਾਰ ਰਹੇ ਹਨ।