ਚੰਡੀਗੜ੍ਹ: ਬਤੌਰ ਮਾਡਲ ਅਤੇ ਗਾਇਕ ਕਈ ਸ਼ਾਨਦਾਰ ਸਫਲਤਾਵਾਂ ਆਪਣੀ ਝੋਲੀ ਪਾ ਚੁੱਕਾ ਹੈ ਇੰਦਰ ਚਾਹਲ, ਜੋ ਹੁਣ ਐਕਟਰ ਦੇ ਰੂਪ ਵਿੱਚ ਇੱਕ ਹੋਰ ਨਵੇਂ ਅਧਿਆਏ ਵੱਲ ਕਦਮ ਵਧਾਉਣ ਜਾ ਰਿਹਾ ਹੈ, ਜਿਸ ਦਾ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਹੀ ਉਸ ਦੀ ਰਿਲੀਜ਼ ਹੋਣ ਜਾ ਰਹੀ ਪਹਿਲੀ ਪੰਜਾਬੀ ਫਿਲਮ 'ਚੱਲ ਭੱਜ ਚੱਲੀਏ', ਜੋ ਜਲਦ ਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਏਆਰਜੀਪੀ ਇੰਕ ਫਿਲਮਜ਼' ਵੱਲੋਂ 'ਹੈਪੀ ਹੋਰਸ ਇੰਟਰਟੇਨਮੈਂਟ' ਅਤੇ ਫਿਲਮਜ਼' ਦੇ ਸਹਿ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਦਿਲਚਸਪ ਕਾਮੇਡੀ-ਡਰਾਮਾ ਫਿਲਮ ਦਾ ਲੇਖਨ ਸੁਰਿੰਦਰ ਅੰਗੁਰਾਲ ਜਦਕਿ ਨਿਰਦੇਸ਼ਨ ਸਰਿੰਦਰ ਸੁਨੀਲ ਠਾਕੁਰ ਦੁਆਰਾ ਕੀਤਾ ਗਿਆ ਹੈ, ਜਿੰਨਾ ਦੀ ਬਹੁ-ਚਰਚਿਤ ਫਿਲਮ ਵਿੱਚ ਲੀਡ ਰੋਲ ਵਿੱਚ ਵਿਖਾਈ ਦੇਵੇਗਾ ਇੰਦਰ ਚਾਹਲ, ਜਿਸ ਦੇ ਨਾਲ ਟੈਲੀਵਿਜ਼ਨ ਇੰਡਸਟਰੀ ਦੇ ਮਸ਼ਹੂਰ ਅਤੇ ਵੱਡੇ ਨਾਂਅ ਵਜੋਂ ਅਪਣਾ ਸ਼ੁਮਾਰ ਕਰਵਾਉਂਦੀ ਰੁਬੀਨਾ ਦਿਲਾਇਕ ਨਜ਼ਰੀ ਪਵੇਗੀ, ਜੋ ਵੀ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ।
ਮੂਲ ਰੂਪ ਵਿੱਚ 'ਦਿ ਬਿਊਟੀਫੁੱਲ ਸਿਟੀ' ਮੰਨੇ ਜਾਂਦੇ ਚੰਡੀਗੜ੍ਹ ਨਾਲ ਸੰਬੰਧਤ ਮਾਡਲ ਅਤੇ ਗਾਇਕ ਇੰਦਰ ਚਾਹਲ ਦੇ ਹਾਲੀਆ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਸ ਵੱਲੋਂ ਮਾਡਲ ਦੇ ਤੌਰ 'ਤੇ ਜਿੱਥੇ ਬਹੁਤ ਸਾਰੇ ਮਿਊਜ਼ਿਕ ਵੀਡੀਓਜ਼ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ, ਉੱਥੇ ਉਸ ਦੇ ਗਾਏ ਕਈ ਗੀਤ ਵੀ ਅਪਾਰ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨਾ ਵਿੱਚ 'ਗੱਲ ਕਰਕੇ', 'ਪਰਛਾਵਾਂ', 'ਤੇਰੀ ਲੋੜ ਨਹੀਂ', 'ਗਲਤੀ', 'ਮਾਪਿਆਂ ਦੀ ਧੀ', 'ਸੱਜਣਾ ਵੇ ਸੱਜਣਾ', 'ਬੇਵਫਾ', 'ਕਿਸਮਤ ਤੇਰੀ', 'ਬੇਈਮਾਨ', 'ਇੱਕੋ ਜਿੰਦਗੀ', 'ਮੂਵ ਆਨ', 'ਗੇੜੀ' ਆਦਿ ਜਿਹੇ ਸੁਪਰ ਹਿੱਟ ਟ੍ਰੈਕ ਸ਼ਾਮਿਲ ਰਹੇ ਹਨ।
ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਛਾਅ ਜਾਣ ਵਾਲੇ ਇਸ ਇਸ ਬਿਹਤਰੀਨ ਮਾਡਲ-ਅਦਾਕਾਰ ਅਤੇ ਗਾਇਕ ਨਾਲ ਉਨਾਂ ਦੀ ਪਹਿਲੀ ਫਿਲਮ ਵਿੱਚ ਨਿਭਾਈ ਭੂਮਿਕਾ ਅਤੇ ਇਸ ਵਿਚਲੇ ਅਹਿਮ ਪਹਿਲੂਆਂ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਫਿਲਮ ਨੂੰ ਚਾਹੇ ਮੇਨ ਸਟਰੀਮ ਸਿਨੇਮਾ ਸਾਂਚੇ ਅਧੀਨ ਹੀ ਸਾਹਮਣੇ ਲਿਆਂਦਾ ਜਾ ਰਿਹਾ ਹੈ, ਪਰ ਇਸ ਨੂੰ ਕੰਟੈਂਟ ਅਤੇ ਸਕਰੀਨ-ਪਲੇਅ ਪੱਖੋਂ ਅਲਹਦਾ ਅਤੇ ਉਮਦਾ ਰੂਪ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿੱਚ ਦਰਸ਼ਕਾਂ ਨੂੰ ਕਹਾਣੀ ਅਤੇ ਸੰਗੀਤ ਸਿਰਜਨਾ ਦੇ ਕਈ ਨਵੇਂ ਅਤੇ ਅਨੂਠੇ ਰੰਗ ਵੇਖਣ ਅਤੇ ਸੁਣਨ ਨੂੰ ਮਿਲਣਗੇ, ਜੋ ਇਕ ਨਵੀਂ ਸਿਨੇਮਾ ਤਰੋ-ਤਾਜ਼ਗੀ ਦਾ ਵੀ ਅਹਿਸਾਸ ਕਰਵਾਉਣਗੇ।
ਉਨਾਂ ਅੱਗੇ ਦੱਸਿਆ ਕਿ ਜਿੱਥੇ ਤੱਕ ਕਿਰਦਾਰ ਦੀ ਗੱਲ ਹੈ ਤਾਂ ਇਹ ਇੱਕ ਅਜਿਹੇ ਨੌਜਵਾਨ ਦਾ ਹੈ, ਜਿਸ ਨੂੰ ਮੁਸ਼ਕਲਾਂ ਅਤੇ ਦਿਲਚਸਪ ਪਰ-ਸਥਿਤੀਆਂ ਭਰੇ ਕਈ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਅਤੇ ਕੁੱਲ ਮਿਲਾ ਕੇ ਇਹ ਕਹਿ ਸਕਦਾ ਹਾਂ ਕਿ ਕਾਫ਼ੀ ਚੁਣੌਤੀ ਪੂਰਨ ਰਿਹਾ ਹੈ ਇਹ ਸਿਨੇਮਾ ਅਨੁਭਵ, ਜਿਸ ਵਿੱਚ ਆਪਣੇ ਵੱਲੋਂ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰਦਾ ਹਾਂ ਕਿ ਪਹਿਲਾਂ ਦੀ ਤਰ੍ਹਾਂ ਇਸ ਨਵੀਂ ਜਰਨੀ ਵਿੱਚ ਵੀ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਦਾ ਭਰਪੂਰ ਪਿਆਰ-ਸਨੇਹ ਅਤੇ ਹੁੰਗਾਰਾ ਮਿਲੇਗਾ।