ਚੰਡੀਗੜ੍ਹ:ਸਿਨੇਮਾ ਨੂੰ ਸਾਹਿਤ ਨਾਲੋਂ ਕਦੇ ਵੀ ਅਲੱਗ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਪੰਜਾਬੀ ਸਿਨੇਮਾ ਅਤੇ ਬਾਲੀਵੁੱਡ ਵਿੱਚ ਕਈ ਅਜਿਹੀਆਂ ਫਿਲਮਾਂ ਅਤੇ ਲਘੂ ਫਿਲਮਾਂ ਹਨ, ਜਿਹੜੀਆਂ ਕਿ ਪੰਜਾਬੀ ਸਾਹਿਤ ਉਤੇ ਆਧਾਰਿਤ ਹਨ, ਜੋ ਕਿਤਾਬ ਪ੍ਰੇਮੀਆਂ ਅਤੇ ਫਿਲਮ ਪ੍ਰੇਮੀਆਂ ਦੋਵਾਂ ਨੂੰ ਖੁਸ਼ ਕਰਦੀਆਂ ਹਨ। ਇਸ ਖਾਸ ਰਿਪੋਰਟ ਵਿੱਚ ਅਸੀਂ ਸਾਹਿਤ ਅਤੇ ਸਿਨੇਮਾ ਵਿੱਚ ਤਾਲਮੇਲ ਬਿਠਾਉਂਦੀਆਂ ਪੰਜਾਬੀ ਸਿਨੇਮਾ ਦੀਆਂ ਖੂਬਸੂਰਤ ਫਿਲਮਾਂ ਉਤੇ ਸਰਸਰੀ ਨਜ਼ਰ ਮਾਰਾਂਗੇ...।
ਮੜ੍ਹੀ ਦਾ ਦੀਵਾ: ਨਿਰਦੇਸ਼ਕ ਸੁਰਿੰਦਰ ਸਿੰਘ ਨੇ ਅਦਾਕਾਰ ਰਾਜ ਬੱਬਰ ਅਤੇ ਦੀਪਤੀ ਨਵਲ ਨਾਲ ਫਿਲਮ 'ਮੜ੍ਹੀ ਦਾ ਦੀਵਾ' ਬਣਾਈ ਹੈ। ਇਹ ਗਿਆਨਪੀਠ ਐਵਾਰਡੀ ਨਾਵਲਕਾਰ ਗੁਰਦਿਆਲ ਸਿੰਘ ਦੇ ਇਸੇ ਨਾਮ ਦੇ ਨਾਵਲ 'ਤੇ ਆਧਾਰਿਤ ਹੈ। ਫਿਲਮ ਨੇ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਕਾਫੀ ਖਿੱਚਿਆ ਹੈ। ਫਿਲਮ ਦੀ ਕਹਾਣੀ ਪਿਆਰ ਅਤੇ ਮਾਨਸਿਕ ਗੁੰਝਲਾਂ ਉਤੇ ਆਧਾਰਿਤ ਹੈ।
ਅੰਨ੍ਹੇ ਘੋੜੇ ਦਾ ਦਾਨ: ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਫਿਲਮ 'ਅੰਨ੍ਹੇ ਘੋੜੇ ਦਾ ਦਾਨ' ਐਵਾਰਡੀ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ "ਅੰਨ੍ਹੇ ਘੋੜੇ ਦਾ ਦਾਨ" ਉੱਤੇ ਆਧਾਰਿਤ ਹੈ। ਫਿਲਮ ਵਿੱਚ ਸੈਮੂਅਲ ਜੌਹਨ ਤੋਂ ਇਲਾਵਾ ਹੋਰ ਵੀ ਕਈ ਮੰਝੇ ਹੋਏ ਕਲਾਕਾਰ ਹਨ।
ਗੇਲੋ: ਨਿਰਦੇਸ਼ਕ ਮਨਭਵਨ ਸਿੰਘ ਦੀ ਫਿਲਮ 'ਗੇਲੋ' ਪੰਜਾਬੀ ਲੇਖਕ ਰਾਮ ਸਰੂਪ ਅਣਖੀ ਦੇ ਨਾਵਲ ਤੋਂ ਪ੍ਰੇਰਿਤ ਹੈ। ਇਸ ਵਿੱਚ ਜਸਪਿੰਦਰ ਚੀਮਾ, ਗੁਰਜੀਤ ਸਿੰਘ, ਪਵਨ ਮਲਹੋਤਰਾ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦੀ ਕਹਾਣੀ ਪਿਆਰ ਦੀ ਖੂਬਸੂਰਤ ਭਾਵਨਾ ਨੂੰ ਪੇਸ਼ ਕਰਦੀ ਨਜ਼ਰੀ ਪੈਂਦੀ ਹੈ। ਫਿਲਮ ਦੇ ਗੀਤਾਂ ਨੇ ਲੋਕਾਂ ਦਾ ਕਾਫੀ ਧਿਆਨ ਖਿੱਚਿਆ ਹੈ।
ਚੌਥੀ ਕੂਟ (2016):ਗੁਰਵਿੰਦਰ ਸਿੰਘ ਦੀ 'ਚੌਥੀ ਕੂਟ' ਵਰਿਆਮ ਸਿੰਘ ਸੰਧੂ ਦੀਆਂ ਦੋ ਛੋਟੀਆਂ ਕਹਾਣੀਆਂ "ਚੌਥੀ ਕੂਟ" ਅਤੇ "ਹੁਣ ਮੈਂ ਠੀਕ-ਠਾਕ ਹਾਂ" 'ਤੇ ਆਧਾਰਿਤ ਹੈ। ਇਸ ਵਿੱਚ ਸੁਵਿੰਦਰ ਵਿੱਕੀ, ਰਾਜਬੀਰ ਕੌਰ ਅਤੇ ਗੁਰਪ੍ਰੀਤ ਕੌਰ ਭੰਗੂ ਮੁੱਖ ਭੂਮਿਕਾਵਾਂ ਵਿੱਚ ਹਨ। ਕਹਾਣੀ 1984 ਦੌਰਾਨ ਪੰਜਾਬ ਦੇ ਡਰੇ ਸਹਿਮੇ ਲੋਕਾਂ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਦੀ ਹੈ।