ਚੰਡੀਗੜ੍ਹ:ਸਮੀਪ ਕੰਗ ਸਮੇਤ ਪਾਲੀਵੁੱਡ ਦੇ ਕਈ ਟੌਪ ਨਿਰਦੇਸ਼ਕਾਂ ਨਾਲ ਸਹਾਇਕ ਨਿਰਦੇਸ਼ਕ ਦੇ ਤੌਰ ਉਤੇ ਕੰਮ ਕਰਨ ਦਾ ਅਨੁਭਵ ਹਾਸਿਲ ਕਰ ਚੁੱਕੇ ਹਨ ਸਮਰ ਸਿੰਘ ਚੌਹਾਨ, ਜੋ ਬਤੌਰ ਫਿਲਮਕਾਰ ਅਪਣੀ ਪਹਿਲੀ ਹਿੰਦੀ ਫਿਲਮ 'ਦਿਲ ਅਵਾਰਾ' ਲੈ ਕੇ ਸਿਨੇਮਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਪਹਿਲਾਂ ਗੀਤ 'ਨੈਣੋਂ ਕੇ ਸਾਹਮਣੇ' ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
'ਜੱਟ ਐਂਡ ਜੂਲੀਅਟ 3' ਸਮੇਤ ਕਈ ਵੱਡੀਆਂ ਅਤੇ ਸੁਪਰ-ਡੁਪਰ ਹਿੱਟ ਫਿਲਮਾਂ ਦਾ ਨਿਰਮਾਣ ਕਰ ਚੁੱਕੇ 'ਵਾਈਟ ਹਿੱਲ ਸਟੂਡਿਓਜ਼' ਵੱਲੋਂ ਨਿਰਮਿਤ ਕੀਤੀ ਗਈ ਉਕਤ ਪਹਿਲੀ ਹਿੰਦੀ ਫਿਲਮ ਹੈ, ਜਿਸ ਨੂੰ ਕਾਫ਼ੀ ਵਿਸ਼ਾਲ ਕੈਨਵਸ ਅਤੇ ਬਿੱਗ ਸੈੱਟਅੱਪ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ।
ਬਾਲੀਵੁੱਡ ਅਤੇ ਪਾਲੀਵੁੱਡ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਿੰਦੂ ਬਣੀ ਉਕਤ ਰੁਮਾਂਟਿਕ-ਡਰਾਮਾ ਫਿਲਮ ਦੇ 10 ਦਸੰਬਰ ਨੂੰ ਜਾਰੀ ਕੀਤੇ ਜਾ ਰਹੇ ਇਸ ਪਹਿਲੇ ਗਾਣੇ ਦੇ ਬੋਲ ਮਸ਼ਹੂਰ ਗੀਤਕਾਰ ਕੁਮਾਰ ਨੇ ਰਚੇ ਹਨ, ਜਿੰਨ੍ਹਾਂ ਦੀ ਖੂਬਸੂਰਤ ਕਲਮ ਚੋਂ ਜਨਮੇਂ ਇਸ ਗਾਣੇ ਨੂੰ ਪਿੱਠਵਰਤੀ ਅਵਾਜ਼ਾਂ ਅਦਿੱਤੀ ਸਿੰਘ ਸ਼ਰਮਾ ਅਤੇ ਨਾਜ਼ਿਮ ਅਲੀ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਸੰਗੀਤ ਅਤੇ ਕੰਪੋਜੀਸ਼ਨ ਦੀ ਸਿਰਜਣਾ ਸੰਨੀ ਇੰਦਰ ਦੁਆਰਾ ਅੰਜ਼ਾਮ ਦਿੱਤੀ ਗਈ ਹੈ।
ਪੰਜਾਬੀ ਰੰਗਾਂ ਦੀ ਤਰਜ਼ਮਾਨੀ ਕਰਦੀ ਅਤੇ ਭਾਵਪੂਰਨ ਕਹਾਣੀ ਅਧਾਰਿਤ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਅੰਗਦ ਹਸੀਜਾ, ਮੋਨਿਕਾ ਸ਼ਰਮਾ, ਮਿੰਟੂ ਕਾਪਾ, ਆਲੀਆ ਹਮੀਦੀ ਅਤੇ ਨਵੀ ਅਰੋੜਾ ਸ਼ਾਮਿਲ ਹਨ। ਦੇਸ਼-ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸਮਰ ਸਿੰਘ ਚੌਹਾਨ ਵੱਲੋਂ ਕੀਤਾ ਗਿਆ ਹੈ, ਜੋ ਇਸ ਪ੍ਰਭਾਵਪੂਰਨ ਫਿਲਮ ਦੁਆਰਾ ਸਿਨੇਮਾ ਦੀ ਦੁਨੀਆਂ ਵਿੱਚ ਅਪਣੀ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨਗੇ।
ਇਹ ਵੀ ਪੜ੍ਹੋ: