ਚੰਡੀਗੜ੍ਹ:ਪੰਜਾਬੀ ਸਿਨੇਮਾ ਲਈ ਬਣਨ ਜਾ ਰਹੀ ਇੱਕ ਹੋਰ ਬਿੱਗ ਸੈਟਅੱਪ ਫਿਲਮ 'ਮਝੈਲ' ਦਾ ਅੱਜ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਸਫ਼ਲ ਹਿੰਦੀ-ਪੰਜਾਬੀ ਫਿਲਮਾਂ ਦਾ ਲੇਖਨ ਅਤੇ ਨਿਰਦੇਸ਼ਨ ਕਰ ਚੁੱਕੇ ਹਨ।
'ਗੀਤ ਐਮ.ਪੀ3' ਅਤੇ 'ਜੇਬੀਸੀਓ ਫਿਲਮ' ਦੇ ਬੈਨਰਜ਼ ਹੇਠ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਕੇਵੀ ਢਿੱਲੋਂ, ਕੁਸ਼ ਪਰਮਾਰ ਹਨ, ਜਦਕਿ ਲੇਖਕ ਵਜੋਂ ਜਿੰਮੇਵਾਰੀ ਗੁਰਪ੍ਰੀਤ ਭੁੱਲਰ ਨਿਭਾਉਣਗੇ ਅਤੇ ਸਿਨੇਮਾਟੋਗ੍ਰਾਫ਼ਰੀ ਪੱਖਾਂ ਦੀ ਕਮਾਂਡ ਪਾਨ ਨਰੂਲਾ ਸੰਭਾਲਣਗੇ।
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਨਾਭਾ ਅਤੇ ਬਾਗੜੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਇਸ ਐਕਸ਼ਨ-ਡਰਾਮਾ ਫਿਲਮ ਵਿੱਚ ਦੇਵ ਖਰੌੜ ਲੀਡ ਰੋਲ ਅਦਾ ਕਰਨ ਜਾ ਰਹੇ ਹਨ, ਜਿੰਨ੍ਹਾਂ ਨਾਲ ਗੁੱਗੂ ਗਿੱਲ, ਹੋਬੀ ਧਾਲੀਵਾਲ, ਜਗਜੀਤ ਸੰਧੂ, ਧੀਰਜ ਕੁਮਾਰ ਤੋਂ ਇਲਾਵਾ ਕਈ ਮੰਨੇ-ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
ਹਾਲ ਹੀ ਵਿੱਚ ਇੱਕ ਹੋਰ ਚਰਚਿਤ ਸੀਕਵਲ ਫਿਲਮ 'ਗਾਂਧੀ 3' ਦਾ ਹਿੱਸਾ ਬਣੇ ਦੇਵ ਖਰੌੜ ਆਪਣੀ ਉਕਤ ਨਵੀਂ ਫਿਲਮ ਵਿੱਚ 'ਮਝੈਲ' ਦੀ ਪ੍ਰਭਾਵੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜਿਸ ਵਿੱਚ ਦਰਸ਼ਕਾਂ ਨੂੰ ਉਨ੍ਹਾਂ ਦਾ ਚਿਰ ਪਰਿਚਤ ਡੈਸ਼ਿੰਗ ਰੂਪ ਵੇਖਣ ਨੂੰ ਮਿਲੇਗਾ, ਜਿਸ ਤੋਂ ਦਿੱਗਜ ਅਦਾਕਾਰ ਗੁੱਗੂ ਗਿੱਲ ਵੀ ਅਪਣੇ ਖਾਸ ਅੰਦਾਜ਼ ਅਤੇ ਪੁਰਾਣੇ ਜਾਹੋ ਜਲਾਲ ਭਰੇ ਲੁੱਕ ਦੁਆਰਾ ਅਪਣੇ ਚਾਹੁੰਣ ਵਾਲਿਆਂ ਸਨਮੁੱਖ ਹੋਣਗੇ, ਜਿੰਨ੍ਹਾਂ ਵੱਲੋਂ ਉਕਤ ਪਹਿਲੇ ਪੜਾਅ ਸ਼ੂਟਿੰਗ ਫੇਜ਼ ਨੂੰ ਜੁਆਇੰਨ ਕਰ ਲਿਆ ਗਿਆ ਹੈ।
ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣਨ ਜਾ ਰਹੀ ਇਸ ਫਿਲਮ ਨਾਲ ਜੁੜੇ ਕੁਝ ਅਹਿਮ ਫੈਕਟਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਨਿਰਦੇਸ਼ਕ ਧੀਰਜ ਕੇਦਾਰਨਾਥ ਰਤਨ ਇਸ ਫਿਲਮ ਦੁਆਰਾ ਬਤੌਰ ਨਿਰਦੇਸ਼ਕ ਇੱਕ ਹੋਰ ਸ਼ਾਨਦਾਰ ਪਾਰੀ ਵੱਲ ਵਧਣਗੇ, ਜਿੰਨ੍ਹਾਂ ਦੀਆਂ ਹਾਲੀਆ ਨਿਰਦੇਸ਼ਿਤ ਫਿਲਮ 'ਤੁਫੰਗ' ਰਹੀ, ਜਿਸ ਵਿੱਚ ਗੁਰੀ, ਜਗਜੀਤ ਸੰਧੂ ਅਤੇ ਰੁਖਸਾਰ ਢਿੱਲੋਂ ਲੀਡਿੰਗ ਭੂਮਿਕਾਵਾਂ ਵਿੱਚ ਸਨ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ 'ਸਾਡੀ ਲਵ ਸਟੋਰੀ' ਅਤੇ 'ਇਸ਼ਕ ਗਰਾਰੀ' ਦਾ ਵੀ ਨਿਰਦੇਸ਼ਨ ਕੀਤਾ ਜਾ ਚੁੱਕਾ ਹੈ, ਦੂਜੇ ਪਾਸੇ ਮਸ਼ਹੂਰ ਮਿਊਜ਼ਿਕ ਕੰਪਨੀ 'ਗੀਤ ਐਮਪੀ3' ਵੀ ਉਕਤ ਫਿਲਮ ਨਾਲ ਫਿਲਮ ਨਿਰਮਾਣ ਦੇ ਖੇਤਰ ਵਿੱਚ ਪਾਈਆਂ ਜਾ ਰਹੀਆਂ ਅਪਣੀਆਂ ਪੈੜਾਂ ਨੂੰ ਹੋਰ ਮਜ਼ਬੂਤ ਕਰੇਗੀ, ਜੋ ਇਸ ਤੋਂ ਪਹਿਲਾਂ 'ਸਿਕੰਦਰ 2', 'ਸ਼ੂਟਰ', 'ਜੱਟ ਬ੍ਰਦਰ' ਅਤੇ 'ਲਵਰ' ਜਿਹੀਆਂ ਕਈ ਸੰਗੀਤਕ ਅਤੇ ਰੁਮਾਂਚਿਕ-ਐਕਸ਼ਨ ਫਿਲਮਾਂ ਦਾ ਨਿਰਮਾਣ ਕਰ ਚੁੱਕੀ ਹੈ।