ਚੰਡੀਗੜ੍ਹ: ਰਿਲੀਜ਼ ਹੋਈ ਪੰਜਾਬੀ ਫਿਲਮ 'ਬੀਬੀ ਰਜਨੀ' ਇੰਨੀਂ ਦਿਨੀਂ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੀ ਹੈ, ਜਿਸ ਵਿੱਚ ਸਰੀਰਕ ਕਮਜ਼ੋਰ ਸ਼ਖਸ਼ ਦਾ ਕਿਰਦਾਰ ਨਿਭਾ ਕੇ ਚਾਰੇ-ਪਾਸੇ ਪ੍ਰਸ਼ੰਸਾ ਹਾਸਿਲ ਕਰ ਰਿਹਾ ਹੈ ਅਦਾਕਾਰ ਪ੍ਰਦੀਪ ਚੀਮਾ, ਜੋ ਇਸ ਅਰਥ-ਭਰਪੂਰ ਫਿਲਮ ਨਾਲ ਪਾਲੀਵੁੱਡ ਵਿੱਚ ਹੋਰ ਮਜ਼ਬੂਤ ਪੈੜਾਂ ਸਿਰਜਣ ਵੱਲ ਵੱਧ ਚੁੱਕਾ ਹੈ।
'ਮੈਡ 4 ਫਿਲਮਜ਼' ਦੇ ਬੈਨਰ ਹੇਠ ਪੇਸ਼ ਕੀਤੀ ਗਈ ਉਕਤ ਫਿਲਮ ਦਾ ਨਿਰਮਾਣ ਪਿੰਕੀ ਧਾਲੀਵਾਲ ਅਤੇ ਨਿਤਿਨ ਤਲਵਾੜ ਨੇ ਕੀਤਾ ਹੈ, ਜਦਕਿ ਨਿਰਦੇਸ਼ਨ ਅਮਰ ਹੁੰਦਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵਾਰਨਿੰਗ ਸੀਰੀਜ਼ ਤੋਂ ਇਲਾਵਾ ਕਈ ਐਕਸ਼ਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਧਾਰਮਿਕ ਆਸਥਾ ਦਾ ਪ੍ਰਤੀਕ ਅਤੇ ਸੇਵਾ ਦਾ ਪੁੰਜ ਮੰਨੀ ਜਾਂਦੀ ਰਹੀ 'ਬੀਬੀ ਰਜਨੀ' ਦੇ ਜੀਵਨ ਬਿਰਤਾਂਤ ਦਾ ਭਾਵਨਾਤਮਕ ਵਰਣਨ ਕਰਦੀ ਇਸ ਫਿਲਮ ਵਿੱਚ ਟਾਈਟਲ ਭੂਮਿਕਾ ਅਦਾਕਾਰ ਰੂਪੀ ਗਿੱਲ ਵੱਲੋਂ ਨਿਭਾਈ ਗਈ ਹੈ, ਜਿਸ ਦੇ ਪਿੰਗਲੇ ਪਤੀ ਮਨੋਹਰ ਲਾਲ ਦੀ ਭੂਮਿਕਾ ਨੂੰ ਅਦਾਕਾਰ ਪ੍ਰਦੀਪ ਚੀਮਾ ਵੱਲੋਂ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਦੁਆਰਾ ਨਿਭਾਈ ਗਈ ਇਹ ਪਹਿਲੀ ਸਕਾਰਤਮਕ ਅਤੇ ਗੰਭੀਰ ਰੂਪ ਭੂਮਿਕਾ ਹੈ, ਜਦਕਿ ਇਸ ਤੋਂ ਪਹਿਲਾਂ ਅਮੂਮਨ ਉਹ ਨੈਗੇਟਿਵ ਰੋਲਜ਼ ਵਿੱਚ ਹੀ ਜਿਆਦਾ ਨਜ਼ਰ ਆਏ ਹਨ।