ਚੰਡੀਗੜ੍ਹ: ਪੰਜਾਬੀ ਗਾਇਕੀ ਤੋਂ ਲੈ ਕੇ ਸਿਨੇਮਾ ਤੱਕ ਦਾ ਮਾਣਮੱਤਾ ਸਫ਼ਰ ਹੰਢਾਉਣ 'ਚ ਕਾਮਯਾਬ ਰਹੇ ਹਨ ਅਜ਼ੀਮ ਫ਼ਨਕਾਰ ਅਤੇ ਅਦਾਕਾਰ ਗੁਰਦਾਸ ਮਾਨ, ਜੋ ਅੱਜ ਪੰਜਾਬ ਤੋਂ ਲੈ ਕੇ ਆਲਮੀ ਗਲਿਆਰਿਆਂ ਤੱਕ ਸਰਵ ਪ੍ਰਵਾਨਤਾ ਹਾਸਿਲ ਕਰ ਚੁੱਕੇ ਹਨ।
ਸਾਲ 1980 ਵਿੱਚ ਸਾਹਮਣੇ ਆਏ ਅਪਣੇ ਗਾਣੇ 'ਦਿਲ ਦਾ ਮਾਮਲਾ' ਨਾਲ ਪੰਜਾਬੀ ਗਾਇਕੀ ਦਾ ਧਰੂ ਤਾਰਾ ਬਣ ਚਮਕੇ ਇਹ ਬੇਮਿਸਾਲ ਗਾਇਕ ਵੱਲੋਂ ਖੇਤਾਂ ਵਿੱਚ ਵਜਾਈ ਡਫ਼ਲੀ ਦੀ ਤਾਲ ਦਾ ਅਸਰ ਦਹਾਕਿਆਂ ਬਾਅਦ ਵੀ ਦੇਸ਼-ਵਿਦੇਸ਼ ਦੀਆਂ ਸੰਗੀਤਕ ਸਫਾਂ ਵਿੱਚ ਜਿਓ ਦਾ ਤਿਓ ਅਪਣਾ ਅਸਰ ਵਿਖਾ ਰਿਹਾ ਹੈ।
ਪੰਜਾਬ ਬਿਜਲੀ ਬੋਰਡ 'ਚ ਨੌਕਰੀ ਕਰ ਚੁੱਕੇ ਨੇ ਗੁਰਦਾਸ ਮਾਨ
ਪੰਜਾਬੀ ਮਨੋਰੰਜਨ ਜਗਤ ਵਿੱਚ ਵੱਡੇ ਨਾਂਅ ਵਜੋਂ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਗੁਰਦਾਸ ਮਾਨ ਮੁੱਢ ਕਰੀਮੀ ਸਮੇਂ ਪੰਜਾਬ ਬਿਜਲੀ ਬੋਰਡ ਵਿੱਚ ਵੀ ਨੌਕਰੀ ਕਰ ਚੁੱਕੇ ਹਨ, ਪਰ ਬਚਪਨ ਸਮੇਂ ਤੋਂ ਹੀ ਰਹੇ ਗਾਇਕੀ ਸ਼ੌਂਕ ਨੇ ਉਨ੍ਹਾਂ ਨੂੰ ਕਿਸੇ ਹੋਰ ਸਫ਼ਰ ਦਾ ਚਿਰ ਸਦੀਵੀ ਪਾਂਧੀ ਨਹੀਂ ਰਹਿਣ ਦਿੱਤਾ ਅਤੇ ਆਖਿਰਕਾਰ ਉਨ੍ਹਾਂ ਨੂੰ ਉਸ ਸੰਗੀਤਕ ਮੁਹਾਨੇ ਦੀ ਬਰੂਹਾਂ 'ਤੇ ਲਿਆ ਖੜਾ ਕੀਤਾ, ਜਿੱਥੇ ਅੱਗੇ ਵਧਣ ਦੀ ਤਾਂਘ ਉਹ ਹਮੇਸ਼ਾ ਰੱਖਦੇ ਆ ਰਹੇ ਸਨ।
ਗੁਰਦਾਸ ਮਾਨ (ਈਟੀਵੀ ਭਾਰਤ ਪੱਤਰਕਾਰ) ਕਿੱਥੋਂ ਦੇ ਰਹਿਣ ਵਾਲੇ ਨੇ ਮਾਨ
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਗਿੱਦੜਬਾਹਾ ਵਿੱਚ ਜਨਮੇਂ ਅਤੇ ਇੱਥੋਂ ਦੀ ਗਲੀਆਂ ਵਿੱਚ ਖੇਡਦੇ ਜਵਾਨ ਹੋਏ ਗੁਰਦਾਸ ਮਾਨ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਤਾਲੁਕ ਰੱਖਦੇ ਹਨ, ਜੋ ਛੋਟੀ ਉਮਰ ਤੋਂ ਹੀ ਪੰਜਾਬੀ ਸੰਗੀਤ ਪ੍ਰਤੀ ਸਮਰਪਿਤ ਰਹਿਣ ਲੱਗ ਪਏ ਸਨ, ਜਿੰਨ੍ਹਾਂ ਦੀ ਸਾਦੀ ਅਤੇ ਪੁਰਾਤਨ ਸੰਸਕਾਰਾਂ ਨੂੰ ਸਮਰਪਿਤ ਜ਼ਿੰਮੀਦਾਰੀ ਪਰਵਰਿਸ਼ ਵੀ ਉਨ੍ਹਾਂ ਨੂੰ ਆਪਣੇ ਗਾਇਕੀ ਜਨੂੰਨ ਨੂੰ ਅੱਗੇ ਵਧਾਉਣ ਤੋਂ ਰੋਕ ਨਹੀਂ ਸਕੀ।
ਸਥਾਨਕ ਸਮਾਗਮਾਂ ਅਤੇ ਛੋਟੇ ਇਕੱਠਾਂ ਵਿੱਚ ਗਾਇਕੀ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਆਪਣੀ ਕਲਾ ਨੂੰ ਨਿਖਾਰਿਆਂ ਅਤੇ ਇੱਕ ਅਜਿਹੀ ਵਿਲੱਖਣ ਗਾਇਨ ਸ਼ੈਲੀ ਅਪਣਾਈ, ਜਿਸਨੇ ਰਿਵਾਇਤੀ ਪੰਜਾਬੀ ਲੋਕ ਗਾਇਕੀ ਨੂੰ ਅਸਲ ਪੰਜਾਬੀ ਸੱਭਿਆਚਾਰ ਭਰੀ ਸੁਮੇਲਤਾ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਸ਼ਾਨਮੱਤੀ ਗਾਇਕੀ ਦੇ ਇਸ ਸਫ਼ਰ ਦੌਰਾਨ 35 ਤੋਂ ਵੱਧ ਐਲਬਮਾਂ ਅਤੇ ਅਣਗਿਣਤ ਸਿੰਗਲ ਗੀਤ ਸਰੋਤਿਆਂ ਅਤੇ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ ਇਹ ਬਾਕਮਾਲ ਗਾਇਕ ਹਨ, ਜਿੰਨ੍ਹਾਂ ਦੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਗੀਤਾਂ ਵਿੱਚ 'ਛੱਲਾ', 'ਸੱਜਣਾ ਵੇ ਸੱਜਣਾ', 'ਅਸੀਂ ਤੇਰੇ ਸ਼ਹਿਰ ਨੂੰ ਸਲਾਮ', 'ਕੀ ਬਣੂੰ ਦੁਨੀਆ ਦਾ', 'ਅਪਣਾ ਪੰਜਾਬ ਹੋਵੇ' ਆਦਿ ਸ਼ੁਮਾਰ ਰਹੇ ਹਨ।
ਪੰਜ ਦਹਾਕਿਆਂ ਦਾ ਸੁਨਿਹਰਾ ਸਫ਼ਰ ਹੰਢਾਂ ਚੁੱਕੇ ਗਾਇਕ ਗੁਰਦਾਸ ਮਾਨ ਬਦਲਦੇ ਸਮੇਂ ਦੇ ਅਨੁਕੂਲ ਹੋਣ ਦੀ ਯੋਗਤਾ ਨੂੰ ਬਰਕਰਾਰ ਰੱਖਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਦੀ ਸਟੇਜੀ ਮੰਗ ਸਾਲਾਂ ਬਾਅਦ ਵੀ ਦੇਸੀ ਅਤੇ ਵਿਦੇਸ਼ੀ ਵਿਹੜਿਆਂ ਵਿੱਚ ਬਣੀ ਹੋਈ ਹੈ।
ਗੁਰਦਾਸ ਮਾਨ (ਈਟੀਵੀ ਭਾਰਤ ਪੱਤਰਕਾਰ) ਫਿਲਮਾਂ ਵਿੱਚ ਵੀ ਅਜ਼ਮਾ ਚੁੱਕੇ ਨੇ ਹੱਥ
ਵਿਸ਼ਵਵਿਆਪੀ ਮੰਚਾਂ ਨੂੰ ਨਵੇਂ ਅਯਾਮ ਦੇ ਰਹੇ ਇਸ ਨਾਯਾਬ ਗਾਇਕ ਦੀ ਪਾਲੀਵੁੱਡ ਸਫਾਂ ਵਿੱਚ ਆਮਦ ਵੀ ਪ੍ਰਭਾਵਪੂਰਨ ਅਸਰ ਵਿਖਾਉਣ 'ਚ ਕਾਮਯਾਬ ਰਹੀ ਹੈ। ਸਾਲ 1983 ਵਿੱਚ ਆਈ ਪੰਜਾਬੀ ਫਿਲਮ 'ਮਾਮਲਾ ਗੜਬੜ ਹੈ' ਨਾਲ ਪੰਜਾਬੀ ਫਿਲਮ ਉਦਯੋਗ ਦਾ ਸ਼ਾਨਦਾਰ ਹਿੱਸਾ ਬਣੇ ਗੁਰਦਾਸ ਮਾਨ ਵੱਲੋਂ ਬਤੌਰ ਅਦਾਕਾਰ ਕੀਤੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਲੌਂਗ ਦਾ ਲਿਸ਼ਕਾਰਾ', 'ਉੱਚਾ ਦਰ ਬਾਬੇ ਨਾਨਕ ਦਾ', 'ਦੁਸ਼ਮਣੀ ਦੀ ਅੱਗ', 'ਟ੍ਰੇਨ ਟੂ ਪਾਕਿਸਤਾਨ', 'ਵੀਰ-ਜ਼ਾਰਾ', 'ਸਿਰਫ ਤੁਮ', 'ਯਾਰੀਆਂ', 'ਸ਼ਹੀਦ ਊਧਮ ਸਿੰਘ', 'ਕੁਰਬਾਨੀ ਜੱਟ ਦੀ', 'ਕਚਿਹਰੀ' ਆਦਿ ਸ਼ਾਮਿਲ ਰਹੀਆਂ ਹਨ।
ਗੁਰਦਾਸ ਮਾਨ (ਈਟੀਵੀ ਭਾਰਤ ਪੱਤਰਕਾਰ) ਪੰਜਾਬੀ ਸਿਨੇਮਾ ਨੂੰ ਬਤੌਰ ਨਿਰਮਾਤਾ ਵੀ ਦੇ ਚੁੱਕੇ ਨੇ ਕਈ ਫਿਲਮਾਂ
ਇੰਨ੍ਹਾਂ ਤੋਂ ਇਲਾਵਾ ਬਤੌਰ ਨਿਰਮਾਤਾ ਉਨ੍ਹਾਂ ਵੱਲੋਂ ਬਣਾਈਆਂ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਦੇਸ ਹੋਇਆ ਪ੍ਰਦੇਸ', 'ਵਾਰਿਸ ਸ਼ਾਹ', 'ਨਨਕਾਣਾ', 'ਸ਼ਹੀਦ ਏ ਮੁਹੱਬਤ', 'ਸੁਖਮਣੀ', 'ਦਿਲ ਵਿਲ ਪਿਆਰ ਵਿਆਰ' ਸ਼ਾਮਿਲ ਹਨ।
ਹਾਲ ਹੀ ਦੇ ਸਮੇਂ ਵਿੱਚ ਸਾਹਮਣੇ ਆਏ ਕੁਝ ਵਿਵਾਦਾਂ ਕਾਰਨ ਸੁਰਖੀਆਂ ਦਾ ਕੇਂਦਰ ਬਿੰਦੂ ਬਣੇ ਰਹੇ ਗੁਰਦਾਸ ਮਾਨ ਦੇ ਪੁਰਾਣੇ ਅਕਸ ਨੂੰ ਚਾਹੇ ਕਾਫ਼ੀ ਢਾਅ ਲੱਗੀ ਹੈ, ਪਰ ਇਸ ਦੇ ਬਾਵਜੂਦ ਉਹ ਗਾਇਕੀ ਸਫਾਂ ਵਿੱਚ ਅਪਣੇ ਵਜ਼ੂਦ ਦਾ ਮੁੜ ਲੋਹਾ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ, ਜਿੰਨ੍ਹਾਂ ਦੀ ਗਾਇਕੀ ਪ੍ਰਤੀ ਸਤਿਕਾਰ ਅੱਜ ਵੀ ਲੋਕਮਨਾਂ 'ਚ ਪੂਰੀ ਤਰ੍ਹਾਂ ਕਾਇਮ ਹੈ।
ਇਹ ਵੀ ਪੜ੍ਹੋ: