ਚੰਡੀਗੜ੍ਹ:24 ਫ਼ਰਵਰੀ 2021 ਦਾ ਉਹ ਦਿਨ, ਜਿਸ ਨੇ ਸਾਡੇ ਤੋਂ ਸਦਾ ਲਈ ਇੱਕ ਫ਼ਨਕਾਰ ਖੋਹ ਲਿਆ, ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ, ਜੀ ਹਾਂ...ਅਸੀਂ ਦਿੱਗਜ ਪੰਜਾਬੀ ਗਾਇਕ ਸਰਦੂਲ ਸਿਕੰਦਰ ਬਾਰੇ ਗੱਲ ਕਰ ਰਹੇ ਹਾਂ, ਜਿੰਨ੍ਹਾਂ ਅੱਜ ਤੋਂ 4 ਸਾਲ ਪਹਿਲਾਂ ਸਾਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਆਪਣੀ ਗਾਇਕੀ ਦੇ ਨਾਲ ਨਾਲ ਇਹ ਫ਼ਨਕਾਰ ਆਪਣੀ ਖੂਬਸੂਰਤ ਪਤਨੀ ਅਤੇ ਅਦਾਕਾਰਾ ਅਮਰ ਨੂਰੀ ਨਾਲ ਪਿਆਰ ਲਈ ਵੀ ਜਾਣਿਆ ਜਾਂਦਾ ਸੀ।
ਭਾਵੇਂ ਕਿ ਅੱਜ ਗਾਇਕ ਸਾਡੇ ਵਿੱਚ ਨਹੀਂ ਹਨ, ਪਰ ਗਾਇਕਾ ਅਮਰ ਨੂਰੀ ਪਲ਼-ਪਲ਼ ਆਪਣੇ ਪਤੀ ਨਾਲ ਪਿਆਰ ਦਾ ਇਜ਼ਹਾਰ ਸ਼ੋਸਲ ਮੀਡੀਆ ਉਤੇ ਕਰਦੀ ਰਹਿੰਦੀ ਹੈ, ਇਸੇ ਤਰ੍ਹਾਂ ਬੀਤੇ ਦਿਨ ਵੀ ਅਦਾਕਾਰਾ ਨੇ ਇਸ ਫ਼ਨਕਾਰ ਦੀ ਬਰਸੀ ਉਤੇ ਖਾਸ ਪੋਸਟਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਪ੍ਰਮਾਤਮਾ ਮੇਰੀ ਪਿਆਰੀ ਜਿਹੀ ਰੂਹ ਨੂੰ ਸਕੂਨ ਬਖ਼ਸ਼ੇ ਅਤੇ ਉਹ ਹਮੇਸ਼ਾ ਖੁਸ਼ ਰਹਿਣ, ਮੇਰੀ ਇਹੀ ਦੁਆ ਹੈ।
ਹੁਣ ਪ੍ਰਸ਼ੰਸਕ ਵੀ ਇਸ ਵੀਡੀਓ ਉਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਪਿਆਰ ਹੋਵੇ ਤਾਂ ਅਜਿਹਾ।' ਇੱਕ ਹੋਰ ਨੇ ਲਿਖਿਆ, 'ਮੈਡਮ ਅਸੀਂ ਤੁਹਾਡੇ ਵਿੱਚ ਸਰਦੂਲ ਸਰ ਨੂੰ ਦੇਖਿਆ ਹੈ।' ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿਆਰ ਦੀ ਵਰਖਾ ਕਰ ਰਹੇ ਹਨ।
ਅਮਰ ਨੂਰੀ ਨੇ ਦਿੱਤਾ ਸੀ ਸਰਦੂਲ ਸਿਕੰਦਰ ਨੂੰ ਆਪਣਾ ਗੁਰਦਾ
ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਅਮਰ ਨੂਰੀ ਨੇ ਆਪਣੇ ਫ਼ਨਕਾਰ ਪਤੀ ਨੂੰ ਇੱਕ ਗੁਰਦਾ ਦਿੱਤਾ ਸੀ, ਜੀ ਹਾਂ, ਇੱਕ ਸ਼ੋਅ ਦੌਰਾਨ ਜਦੋਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਗਿਆ ਸੀ ਤਾਂ ਉਸ ਨੇ ਕਿਹਾ, 'ਇਹ (ਸਰਦੂਲ ਸਿਕੰਦਰ) ਜਦੋਂ ਡਾਕਟਰ ਸਾਹਿਬ ਕੋਲ ਗਏ ਤਾਂ ਇਹ ਬਹੁਤ ਡਿਪੈਰਸ਼ਨ ਵਿੱਚ ਚੱਲੇ ਗਏ ਸਨ ਕਿ ਹੁਣ ਕੀ ਹੋਵੇਗਾ, ਪਰ ਮੈਂ ਇਹਨਾਂ ਨੂੰ ਕਿਹਾ ਕਿ ਕੁੱਝ ਨਹੀਂ ਹੋਵੇਗਾ, ਮੈਨੂੰ ਪ੍ਰਮਾਤਮਾ ਉਤੇ ਭਰੋਸਾ ਹੈ।' ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, 'ਮੈਂ ਡਾਕਟਰ ਨੂੰ ਕਿਹਾ ਕਿ ਜਦੋਂ ਦਿਲ ਮਿਲ ਸਕਦੇ ਹਨ ਤਾਂ ਕਿ ਗੁਰਦੇ ਨੀ ਮਿਲ ਸਕਦੇ? ਬਸ ਫਿਰ ਮੈਂ ਦੇ ਦਿੱਤਾ।'