ਅੰਮ੍ਰਿਤਸਰ : ਜੰਮੂ ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਫਾਰੂਕ ਅਬਦੁੱਲਾ ਅੱਜ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਨਤਮਸਤਕ ਹੁਣ ਸਮੇਂ ਫਾਰੁਕ ਅਬਦੁੱਲਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸੂਚਨਾ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਫਾਰੁਕ ਅਬਦੁਲਾ ਨੂੰ ਸੁੰਦਰ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ਇਕੱਠਾ ਹੋਵੇਗਾ ਤਾਂ ਹੀ ਅਸੀਂ ਕਿਸੇ ਮੁਸੀਬਤ ਦਾ ਸਾਹਮਣਾ ਕਰ ਪਾਵਾਂਗੇ। ਉਨ੍ਹਾਂ ਕਿਹਾ ਕਿ ਅਮਰੀਕਾ ਫਸਟ ਹੀ ਕਿਉਂ ਕਿਹਾ ਜਾਂਦਾ ? ਸਾਨੂੰ ਭਾਰਤ ਫਸਟ ਕਹਿਣ ਦੀ ਆਦਤ ਪਾਉਣੀ ਚਾਹੀਦੀ ਹੈ।
ਭਾਰਤ ਦੇਸ਼ ਸਾਰੇ ਧਰਮਾਂ ਅਤੇ ਜਾਤੀਆਂ ਦਾ ਸਾਂਝਾ ਦੇਸ਼
ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਸਾਰੇ ਧਰਮਾਂ ਅਤੇ ਜਾਤੀਆਂ ਦਾ ਸਾਂਝਾ ਦੇਸ਼ ਹੈ। ਭਾਰਤ ਉਸ ਦਾ ਵੀ ਹੈ ਜਿਸ ਦਾ ਕੋਈ ਧਰਮ ਨਹੀਂ ਅਤੇ ਇਸ ਭਾਵਨਾ ਨੂੰ ਅੱਜ ਸਰਕਾਰਾਂ ਨੂੰ ਸਮਝਣਾ ਪਵੇਗਾ। ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ 'ਤੇ ਫਾਰੂਕ ਅਬਦੁੱਲਾ ਨੇ ਕਿਹਾ ਕਿ ਜਿਹੜਾ ਪ੍ਰਦੇਸ਼ ਦੇਸ਼ ਦਾ ਮੁਕਟ ਸੀ ਉਸ ਉੱਤੇ ਕੇਂਦਰ ਵੱਲੋਂ ਕਾਲਖ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਟੇਟ ਦੀ ਹੱਕਾਂ ਦਾ ਜਿਹੜਾ ਵਾਦਾ ਪਾਰਲੀਮੈਂਟ ਵਿੱਚ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਆਪਣੇ ਇਸ ਵਾਅਦੇ ‘ਤੇ ਖਰੇ ਉਤਰਨਗੇ।
ਉਨ੍ਹਾਂ ਕਿਹਾ ਕਿ ਜਿਹੜੇ ਸੂਬਿਆਂ ਦੇ ਹੱਕ ਨਹੀਂ ਦਿੱਤੇ ਜਾ ਰਹੇ ਹਨ, ਜਦੋਂ ਉਹ ਇਕੱਠੇ ਹੋਣਗੇ ਤਾਂ ਇਸ ਦਾ ਅਸਰ ਜ਼ਰੂਰ ਦਿਖਾਈ ਦੇਵੇਗਾ। ਉਨ੍ਹਾਂ ਨੇ ਇਸ ਦੀ ਉਦਾਹਰਣ ਬੀਤੇ ਕਿਸਾਨੀ ਅੰਦੋਲਨ ਨਾਲ ਦਿੱਤੀ ਜਿਸ ਵਿੱਚ ਕਿ ਕੇਂਦਰ ਤਿੰਨੇ ਕਾਨੂੰਨ ਵਾਪਸ ਲੈਣ ਤੋਂ ਸਾਫ ਤੌਰ ‘ਤੇ ਮੁਨਕਰ ਨਜ਼ਰ ਆ ਰਿਹਾ ਸੀ ਪਰ ਜਨਤਾ ਦੀ ਤਾਕਤ ਨੇ ਇਹ ਕਾਨੂੰਨ ਕੇਂਦਰ ਨੂੰ ਵਾਪਸ ਲੈਣ ਲਈ ਮਜ਼ਬੂਰ ਕਰ ਦਿੱਤਾ। ਕਸ਼ਮੀਰ ਮਸਲੇ ਦੇ ਹੱਲ ਉੱਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਉਹ ਸਮਾਂ ਆ ਗਿਆ ਹੈ ਕਿ ਅਜਿਹੇ ਸਾਰੇ ਮਸਲਿਆਂ ਦਾ ਹੱਲ ਕਰਨ ਲਈ ਯੂਰੋਪੀਅਨ ਯੂਨੀਅਨ ਵਾਂਗੂ ਸਾਰਕ ਦੇਸ਼ਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ, ਫਿਰ ਹੀ ਇਨ੍ਹਾਂ ਸਾਰੇ ਮਸਲਿਆਂ ਦਾ ਹੱਲ ਹੋ ਸਕਦਾ ਹੈ।