ਚੰਡੀਗੜ੍ਹ:ਪੰਜਾਬੀ ਸਿਨੇਮਾ ਖੇਤਰ ਵਿੱਚ ਬਿਹਤਰੀਨ ਲੇਖਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਸ਼ਾਨਦਾਰ ਅਤੇ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਹਨ ਇੰਦਰਪਾਲ ਸਿੰਘ, ਜੋ ਹੁਣ ਬਤੌਰ ਅਦਾਕਾਰ ਵੀ ਆਪਣੀ ਕਲਾ ਸਮਰੱਥਾ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਨਯਾਬ ਅਦਾਕਾਰੀ ਨਾਲ ਸਜੀ ਫਿਲਮ 'ਸਟੇਟ ਵਰਸਿਜ਼ ਸੋਲਜ਼ਰ' ਜਲਦ ਸਾਹਮਣੇ ਆਉਣ ਰਹੀ ਹੈ।
'ਆਈਪੀਐੱਸ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਅਤੇ 'ਪੀਬੀ ਫਿਲਮਜ਼' ਅਤੇ 'ਗੈਵੀ ਚਾਹਲ ਫਿਲਮਜ਼' ਦੀ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਉਕਤ ਅਰਥ-ਭਰਪੂਰ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਜਿੱਥੇ ਅਨੇਕਾਂ ਬਹੁ-ਚਰਚਿਤ, ਬਿੱਗ ਸੈੱਟਅੱਪ ਅਤੇ ਪ੍ਰਭਾਵਪੂਰਨ ਫਿਲਮਾਂ ਦਾ ਲੇਖਨ ਕਰ ਚੁੱਕੇ ਹਨ, ਉੱਥੇ ਦੇਵ ਖਰੌੜ ਸਟਾਰਰ 'ਜਖ਼ਮੀ' ਅਤੇ 'ਸੰਗਰਾਂਦ' ਜਿਹੀਆਂ ਆਹਲਾ ਅਤੇ ਅਲਹਦਾ ਕੰਟੈਂਟ ਫਿਲਮਾਂ ਵੀ ਨਿਰਦੇਸ਼ਕ ਵਜੋਂ ਦਰਸ਼ਕ ਦੀ ਝੋਲੀ ਪਾ ਚੁੱਕੇ ਹਨ, ਜੋ ਖਾਸੀ ਚਰਚਾ ਅਤੇ ਸਲਾਹੁਤਾ ਵੀ ਹਾਸਿਲ ਕਰਨ ਵਿੱਚ ਸਫ਼ਲ ਰਹੀਆਂ ਹਨ।
ਪੰਜਾਬ ਦੇ ਰਜਵਾੜਾਸ਼ਾਹੀ ਜ਼ਿਲ੍ਹੇ ਪਟਿਆਲਾ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਆਰਮੀ ਬੈਕਗਰਾਊਂਡ ਅਧਾਰਿਤ ਹੋਵੇਗੀ, ਜਿਸ ਵਿੱਚ ਆਰਮੀ ਅਫ਼ਸਰ ਦੇ ਹੀ ਪ੍ਰਭਾਵੀ ਕਿਰਦਾਰ ਵਿੱਚ ਨਜ਼ਰ ਆਉਣਗੇ ਲੇਖਕ ਅਤੇ ਨਿਰਦੇਸ਼ਕ ਇੰਦਰਪਾਲ, ਜੋ ਅਪਣੀ ਇਸ ਇੱਕ ਹੋਰ ਨਵੀਂ ਸਿਨੇਮਾ ਪਾਰੀ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਇਸੇ ਸੰਬੰਧੀ ਅਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ "ਮੇਰੀ ਜ਼ਿੰਦਗੀ ਦਾ ਪਹਿਲਾਂ ਸੁਫ਼ਨਾ ਭਾਰਤੀ ਫੌਜ ਵਿੱਚ ਅਫਸਰ ਬਣਨਾ ਸੀ ਅਤੇ ਇਸੇ ਇੱਛਾ ਦੇ ਚੱਲਦਿਆਂ ਉਹ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਦੌਰਾਨ ਐਨਸੀਸੀ ਦਾ ਹਿੱਸਾ ਵੀ ਬਣੇ, ਜਿਸ ਦੌਰਾਨ ਉਨਾਂ ਦੇ ਜਜ਼ਬੇ ਨੂੰ ਵੇਖਦਿਆਂ ਗਣਤੰਤਰ ਦਿਵਸ ਪਰੇਡ ਲਈ ਉਨ੍ਹਾਂ ਦੀ ਚੋਣ ਕਰ ਲਈ ਗਈ। ਪਰ ਇਕਲੌਤਾ ਪੁੱਤਰ ਹੋਣ ਕਾਰਨ ਮੇਰੀ ਮਾਂ ਨੇ ਆਪਣੇ ਪਿਆਰ ਨਾਲ ਮੈਨੂੰ ਆਪਣੇ ਇਸ ਸੁਫ਼ਨੇ ਨੂੰ ਭੁਲਾਉਣ ਲਈ ਮਜ਼ਬੂਰ ਕਰ ਦਿੱਤਾ ਅਤੇ ਮੈਂ ਫਿਲਮੀ ਦੁਨੀਆ ਨੂੰ ਆਪਣੇ ਸੁਫਨਿਆਂ ਦੀ ਮੰਜ਼ਿਲ ਬਣਾ ਲਿਆ।"