ਚੰਡੀਗੜ੍ਹ:'ਕਲੀ ਜੋਟਾ' ਦੀ ਸ਼ਾਨਦਾਰ ਜੋੜੀ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਇਸ ਸਮੇਂ ਆਪਣੀ ਆਉਣ ਵਾਲੀ ਨਵੀਂ ਫਿਲਮ 'ਸ਼ਾਯਰ' ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ। ਇਹ ਫਿਲਮ ਇਸ ਮਹੀਨੇ ਦੀ 19 ਤਾਰੀਖ਼ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾਵਾਂ ਆਏ ਦਿਨ ਫਿਲਮ ਨਾਲ ਸੰਬੰਧਤ ਕੁੱਝ ਨਾ ਕੁੱਝ ਸਾਂਝਾ ਕਰਕੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ।
ਜੀ ਹਾਂ...ਫਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਹੁਣ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦਾ ਇੱਕ ਸ਼ਾਨਦਾਰ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਨਾਂਅ 'ਮੋਹ ਏ ਪੁਰਾਣਾ' ਹੈ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਰਤਾਜ ਦੇ ਇਸ ਗੀਤ ਦੇ ਬੋਲ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਹਨ। ਗੀਤ ਦੇ ਬੋਲ ਲੋਕਾਂ ਉਤੇ ਜਾਦੂ ਕਰ ਰਹੇ ਹਨ।
ਗੀਤ ਨੂੰ ਸੁਣਕੇ ਲੋਕ ਆਪਣੇ ਆਪ ਨੂੰ ਕਮੈਂਟ ਕਰਨ ਤੋਂ ਰੋਕ ਨਹੀਂ ਸਕੇ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਨ ਲੱਗੇ। ਇੱਕ ਨੇ ਲਿਖਿਆ, 'ਮੈਂ ਕਿੰਨੀ ਵਾਰ ਗਾਣਾ ਸੁਣ ਲਿਆ, ਮਨ ਨੀ ਭਰਦਾ, ਕੌਣ ਕੌਣ ਸਹਿਮਤ ਆ ਇਸ ਗੱਲ ਨਾਲ।' ਇੱਕ ਹੋਰ ਨੇ ਲਿਖਿਆ, 'ਇਹ ਵੀ ਰੱਬ ਦਾ ਹੀ ਕੋਈ ਕ੍ਰਿਸ਼ਮਾ ਏ ਜੋ ਸਰਤਾਜ ਸ਼ਾਇਰ ਪੰਜਾਬ ਦੇ ਹਿੱਸੇ ਆਇਆ ਅਤੇ ਸਰੋਤਿਆਂ ਦਾ ਵੀ ਤੁਹਾਡੇ ਨਾਲ ਮੋਹ ਏ ਕੋਈ ਪੁਰਾਣਾ ਸਰਤਾਜ ਜੀ, ਜੋ ਹਰ ਵਕਤ ਦਿਲ ਨੂੰ ਖਿੱਚ ਪਾਉਂਦਾ ਜਾਵੇ।'
ਫਿਲਮ ਬਾਰੇ ਗੱਲ ਕਰੀਏ ਤਾਂ ਫਿਲਮ ਪੁਰਾਣੇ ਸਮੇਂ ਵਿੱਚ ਸੈੱਟ ਕੀਤੀ ਗਈ ਹੈ, ਜਦੋਂ ਇਨਸਾਨਾਂ ਉਤੇ ਮੋਬਾਇਲ ਫੋਨ ਅਤੇ ਹੋਰ ਆਧੁਨਿਕ ਚੀਜ਼ਾਂ ਦਾ ਦਬਦਬਾ ਨਹੀਂ ਸੀ, ਉਦੋਂ ਲੋਕ ਇਹਨਾਂ ਚੀਜ਼ਾਂ ਦੇ ਬਿਨ੍ਹਾਂ ਇੱਕ ਦੂਜੇ ਨਾਲ ਕਿਵੇਂ ਰਹਿੰਦੇ ਸਨ, ਇਸ ਚੀਜ਼ ਨੂੰ ਫਿਲਮ ਬਿਆਨ ਕਰੇਗੀ ਅਤੇ ਇੱਕ ਅਲੱਗ ਤਰ੍ਹਾਂ ਦੀ ਪਿਆਰ ਕਹਾਣੀ ਸਾਡੇ ਸਨਮੁੱਖ ਕਰੇਗੀ।
ਸਟਾਰ ਕਾਸਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ, ਸਤਿੰਦਰ ਸਰਤਾਜ, ਦੇਬੀ ਮਖਸੂਸਪੁਰੀ, ਰੁਪਿੰਦਰ ਰੂਪੀ, ਯੋਗਰਾਜ ਸਿੰਘ, ਕੇਵਲ ਧਾਲੀਵਾਲ ਅਤੇ ਬੰਟੀ ਬੈਂਸ ਸਮੇਤ ਕਾਫੀ ਸਾਰੇ ਸ਼ਾਨਦਾਰ ਕਲਾਕਾਰ ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਹਨ। ਫਿਲਮ ਨੂੰ ਜਗਦੀਪ ਸਿੰਘ ਵੜਿੰਗ ਦੁਆਰਾ ਲਿਖਿਆ ਗਿਆ ਹੈ ਅਤੇ ਪ੍ਰਤਿਭਾਸ਼ਾਲੀ ਉਦੈ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ।